''80% ਭਾਰਤੀ ਖਾਂਦੇ ਹਨ ਮਾਸਾਹਾਰੀ ਭੋਜਨ'', BRICS ਸੰਮੇਲਨ ਦੇ ਵੇਜ ਮੇਨੂ ''ਤੇ ਰਾਹੁਲ ਗਾਂਧੀ ਦਾ ਨਿਸ਼ਾਨਾ
Sunday, Sep 13, 2026 - 06:20 PM (IST)
ਨਵੀਂ ਦਿੱਲੀ, (ਏਜੰਸੀ)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ 80 ਫੀਸਦੀ ਭਾਰਤੀ ਮਾਸਾਹਾਰੀ ਹਨ ਤੇ ਇਹ ਭੋਜਨ ਸੁਆਦੀ ਹੁੰਦਾ ਹੈ। ਰਾਹੁਲ ਨੇ ਬ੍ਰਿਕਸ ਸੰਮੇਲਨ ਤੋਂ ਇਕ ਦਿਨ ਬਾਅਦ ਐਤਵਾਰ ਇਹ ਗੱਲ ਕਹੀ। ਸੰਮੇਲਨ ਦੌਰਾਨ ਸ਼ਨੀਵਾਰ ਆਯੋਜਿਤ ਸਰਕਾਰੀ ਭੋਜ ’ਚ ਸਿਰਫ਼ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਮੰਡਪਮ ਵਿਖੇ ਬ੍ਰਿਕਸ ਸੰਮੇਲਨ ’ਚ ਸ਼ਾਮਲ ਨੇਤਾਵਾਂ ਤੇ ਡੈਲੀਗੇਟਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਸੀ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਰਾਹੁਲ ਨੇ ਲਿਖਿਆ ਕਿ ਭਾਰਤੀ ਮਾਸਾਹਾਰੀ ਭੋਜਨ ਸੁਆਦੀ ਹੁੰਦਾ ਹੈ। ਨਾਲ ਹੀ ਕਿਹਾ ਕਿ ਮੇਰੀ ਭੈਣ ਵੱਲੋਂ ਸ਼ਾਕਾਹਾਰੀ ਭੋਜਨ ਅਧੀਨ ਬਣਾਏ ਗਏ ਛੋਲੇ ਭਟੂਰੇ ਵੀ ਸੁਆਦੀ ਹੁੰਦੇ ਹਨ। ਉਨ੍ਹਾਂ ਡਾਇਨਿੰਗ ਟੇਬਲ ’ਤੇ ਪਏ ਛੋਲੇ ਭਟੂਰੇ ਦੀ ਇਕ ਫੋਟੋ ਵੀ ਪੋਸਟ ਕੀਤੀ।
ਇਸ ਤੋਂ ਪਹਿਲਾਂ ਬ੍ਰਿਕਸ ਦੇ ਆਗੂਆਂ ਲਈ ਆਯੋਜਿਤ ਡਿਨਰ ’ਚ ਕਈ ਤਰ੍ਹਾਂ ਦੇ ਸ਼ਾਕਾਹਾਰੀ ਪਕਵਾਨ ਪਰੋਸੇ ਗਏ ਸਨ। ਸ਼ੁਰੂ ’ਚ ਖੰਡਵੀ ਮਿਲੇ ਅਤੇ ਖੁੰਬ ਗਲੋਟੀ ਨੂੰ ਪਰੋਸਿਆ ਗਿਆ ਸੀ। ਖੰਡਵੀ ਮਿਲੇ ਭਾਫ ’ਚ ਪਕਾਏ ਗਏ ਵੇਸਣ ਦੇ ਰੋਲ ਹਨ ਜਿਨ੍ਹਾਂ ਨੂੰ ਸਰ੍ਹੋਂ, ਨਾਰੀਅਲ ਦੇ ਤੇਲ ਅਤੇ ਕਰੀ ਪੱਤੇ ਨਾਲ ਤੜਕਾ ਲਾਇਅਾ ਜਾਂਦਾ ਹੈ । ਇਸੇ ਤਰ੍ਹਾਂ ਖੁੰਬ ਗਲੋਟੀ ਮਸ਼ਰੂਮ ਦੇ ਕਬਾਬ ਹਨ ਜੋ ਸ਼ੀਰਮਾਲ ਬਰੈੱਡ ’ਤੇ ਪਰੋਸੇ ਜਾਂਦੇ ਹਨ। ਮੁੱਖ ਭੋਜਨ ਚ ਪਨੀਰ ਲਬਾਬਦਰ, ਗੁਛੀ ਮਾਰਮਿਕ, ਧੱਕਾਲੀ ਬੇਲੇ ਸਾਰੂ, ਓਲਡ ਦਿੱਲੀ ਫਰੂਟ ਕਰੀਮ ਵਿਦ ਜਲੇਬੀ ਅਤੇ ਸ਼ਹਿਤੂਤ ਫਿਰਨੀ ਸ਼ਾਮਲ ਹਨ।
