ਦਿੱਲੀ ਪੁਲਸ ਦੀ ਬੇਰਹਿਮੀ ਨੇ ਸ਼ਰਮਨਾਕ ਹੱਦਾਂ ਪਾਰ ਕੀਤੀਆਂ : ਰਾਹੁਲ ਗਾਂਧੀ
Saturday, Oct 17, 2026 - 07:21 PM (IST)
ਨਵੀਂ ਦਿੱਲੀ, (ਏਜੰਸੀ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਵਿਦਿਆਰਥਣਾਂ ਅਤੇ ਔਰਤਾਂ ਨਾਲ ਪੁਲਸ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਬਦਸਲੂਕੀ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਣਦੇ ਹਨ ਕਿ ਸੱਤਾ ਹੱਥੋਂ ਜਾਂਦੇ ਹੀ ਉਨ੍ਹਾਂ ਦੀ ਮਨਮਰਜ਼ੀ ਦੀ ਕਹਾਣੀ ਖ਼ਤਮ ਹੋ ਜਾਵੇਗੀ।
ਗਾਂਧੀ ਨੇ ਕੁਝ ਕੁੜੀਆਂ ਨਾਲ ਗੱਲਬਾਤ ਦੀ ਇਕ ਵੀਡੀਓ ‘ਐਕਸ’ ’ਤੇ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਸ ’ਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਗਾਇਆ, ‘ਜਿਨਸੀ ਸ਼ੋਸ਼ਣ, ਕੱਪੜੇ ਖਿੱਚਣਾ ਅਤੇ ਨਿੱਜੀ ਅੰਗਾਂ ’ਤੇ ਹਮਲਾ, ਲੋਕਤੰਤਰ ਲਈ ਆਵਾਜ਼ ਉਠਾਉਣ ਵਾਲੀਆਂ ਵਿਦਿਆਰਥਣਾਂ ਅਤੇ ਔਰਤਾਂ ਨਾਲ ਦਿੱਲੀ ਪੁਲਸ ਦੀ ਬੇਰਹਿਮੀ ਸ਼ਰਮਨਾਕ ਹੱਦਾਂ ਪਾਰ ਕਰ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਕਥਿਤ ਕਾਰਵਾਈ ਆਵਾਜ਼ ਦਬਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ ਅਤੇ ਇਸ ਦਾ ਮਕਸਦ ਵਿਰੋਧ ਕਰਨ ਵਾਲਿਆਂ ਨੂੰ ਇੰਨਾ ਡਰਾਉਣਾ ਅਤੇ ਅਪਮਾਨਿਤ ਕਰਨਾ ਹੈ ਕਿ ਉਹ ਦੁਬਾਰਾ ਸਵਾਲ ਉਠਾਉਣ ਦੀ ਹਿੰਮਤ ਨਾ ਕਰਨ।
