''ਉਭਰ ਰਹੇ ਵਿਗਿਆਨ, ਤਕਨਾਲੋਜੀ ਤੇ ਇਨੋਵੇਸ਼ਨ ਸੰਮੇਲਨ 2026'' ਦਾ ਆਗਾਜ਼; PM ਮੋਦੀ ਕਰਨਗੇ ਉਦਘਾਟਨ
Tuesday, Oct 27, 2026 - 01:29 PM (IST)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਤਿੰਨ-ਰੋਜ਼ਾ 'ਉਭਰ ਰਹੇ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਸੰਮੇਲਨ 2026' ਦਾ ਉਦਘਾਟਨ ਕਰਨਗੇ ਅਤੇ ਸਮਾਗਮ ਨੂੰ ਸੰਬੋਧਨ ਕਰਨਗੇ। ਇਹ ਸੰਮੇਲਨ 27 ਤੋਂ 29 ਅਕਤੂਬਰ ਤੱਕ ਚੱਲੇਗਾ, ਜਿਸ ਵਿੱਚ ਭਾਰਤ ਦੀਆਂ ਵਿਗਿਆਨਕ ਅਤੇ ਤਕਨਾਲੋਜੀ ਪ੍ਰਾਥਮਿਕਤਾਵਾਂ 'ਤੇ ਚਰਚਾ ਕਰਨ ਲਈ ਦੇਸ਼-ਵਿਦੇਸ਼ ਤੋਂ ਵਿਗਿਆਨੀ, ਖੋਜਕਰਤਾ, ਉਦਯੋਗਪਤੀ ਅਤੇ ਨੀਤੀ ਘਾੜੇ ਹਿੱਸਾ ਲੈ ਰਹੇ ਹਨ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਇਸ ਸੰਮੇਲਨ ਦੌਰਾਨ 12 ਮੁੱਖ ਥੀਮੈਟਿਕ ਖੇਤਰਾਂ ਵਿੱਚ ਚਰਚਾ ਕੀਤੀ ਜਾਵੇਗੀ। ਇਹਨਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਬਾਇਓਟੈਕਨਾਲੋਜੀ, ਐਡਵਾਂਸਡ ਮਟੀਰੀਅਲ, ਮੈਨੂਫੈਕਚਰਿੰਗ, ਸਿਹਤ ਸੰਭਾਲ, ਊਰਜਾ, ਜਲਵਾਯੂ ਅਤੇ ਸਮੁੰਦਰੀ ਵਿਗਿਆਨ ਸ਼ਾਮਲ ਹਨ। ਇਹ ਚਰਚਾ ਰਾਸ਼ਟਰੀ ਸਮਰੱਥਾਵਾਂ ਦੇ ਵਿਕਾਸ ਅਤੇ ਵਿਗਿਆਨਕ ਪ੍ਰਾਪਤੀਆਂ ਨੂੰ ਵਿਹਾਰਕ ਵਰਤੋਂ ਵਿੱਚ ਲਿਆਉਣ ਲਈ ਖੋਜ ਪ੍ਰਾਥਮਿਕਤਾਵਾਂ ਦੀ ਸਮੀਖਿਆ ਕਰੇਗੀ।
ਸੰਮੇਲਨ ਦਾ ਇੱਕ ਪ੍ਰਮੁੱਖ ਆਕਰਸ਼ਣ ਤਕਨਾਲੋਜੀ ਅਤੇ ਇਨੋਵੇਸ਼ਨ ਪ੍ਰਦਰਸ਼ਨੀ ਹੋਵੇਗੀ, ਜੋ ਦੇਸ਼ ਦੀਆਂ ਵਿਗਿਆਨਕ ਪ੍ਰਾਪਤੀਆਂ ਨੂੰ ਦਰਸਾਏਗੀ। ਇਸ ਵਿੱਚ ਡੀਪ-ਟੈਕ ਸਟਾਰਟਅੱਪਸ ਦੇ ਲਗਭਗ 150 ਸਟਾਲ ਲਗਾਏ ਜਾਣਗੇ। ਦਰਸ਼ਕਾਂ ਲਈ ਆਗਮੈਂਟਿਡ ਰਿਐਲਿਟੀ (AR) ਅਤੇ ਵਰਚੁਅਲ ਰਿਐਲਿਟੀ (VR) ਦੇ ਤਜਰਬੇ, ਥੀਮੈਟਿਕ ਵੀਡੀਓਜ਼, ਤਕਨਾਲੋਜੀ ਪ੍ਰਦਰਸ਼ਨ, ਡਾਕੂਮੈਂਟਰੀਆਂ ਅਤੇ ਸੂਚਨਾ ਕਿਓਸਕ ਵੀ ਪ੍ਰਦਰਸ਼ਿਤ ਕੀਤੇ ਜਾਣਗੇ।
ਸੰਮੇਲਨ ਦੌਰਾਨ 'ਗਲੋਬਲ ਕਨੈਕਟ ਨੈੱਟਵਰਕਿੰਗ ਈਵੈਂਟ' ਵੀ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਅਕਾਦਮਿਕ, ਖੋਜ ਸੰਸਥਾਵਾਂ ਅਤੇ ਉਦਯੋਗ ਨਾਲ ਜੁੜੇ 300 ਤੋਂ ਵੱਧ ਸੱਦੇ ਗਏ ਪ੍ਰਤੀਨਿਧੀ ਭਾਗ ਲੈਣਗੇ। ਇਸ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਖੋਜ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨਾ, ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਮਜ਼ਬੂਤ ਕਰਨਾ ਅਤੇ ਲੈਬਾਰਟਰੀਆਂ ਵਿੱਚ ਵਿਕਸਤ ਨਵੀਨਤਾਵਾਂ ਨੂੰ ਬਾਜ਼ਾਰ ਤੱਕ ਪਹੁੰਚਾਉਣਾ ਹੈ।
