ਰਾਹੁਲ ਗਾਂਧੀ ਦੀ ਲੀਡਰਸ਼ਿਪ ਸਭ ਤੋਂ ਵਧੀਆ : ਸ਼ਸ਼ੀ ਥਰੂਰ
Tuesday, May 28, 2019 - 03:56 PM (IST)

ਨਵੀਂ ਦਿੱਲੀ (ਭਾਸ਼ਾ)— ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ 'ਤੇ ਅੜੇ ਹੋਣ ਦੀਆਂ ਖਬਰਾਂ ਵਿਚਾਲੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਬਿਆਨ ਦਿੱਤਾ ਹੈ। ਸ਼ਸ਼ੀ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਤੋਂ ਕਾਂਗਰਸ ਨੂੰ ਬਾਹਰ ਕੱਢਣ ਲਈ ਰਾਹੁਲ ਸਭ ਤੋਂ ਵਧੀਆ ਵਿਅਕਤੀ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ 'ਖਤਮ' ਮੰਨ ਲੈਣਾ ਜਲਦਬਾਜ਼ੀ ਹੋਵੇਗੀ, ਕਿਉਂਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਅਜੇ ਸਰਗਰਮ ਹੈ ਅਤੇ ਉਸ ਦੀ ਆਪਣੀ ਮੌਜੂਦਗੀ ਬਣੀ ਹੋਈ ਹੈ। ਸ਼ਸ਼ੀ ਥਰੂਰ ਨੇ ਇਸ ਦੇ ਨਾਲ ਹੀ ਕਿਹਾ ਕਿ ਪਾਰਟੀ ਕੋਲ ਹੱਥ 'ਤੇ ਹੱਥ ਰੱਖ ਕੇ ਬੈਠਣ ਦਾ ਸਮਾਂ ਬਿਲਕੁਲ ਨਹੀਂ ਹੈ ਅਤੇ ਹੁਣ ਉਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁਟ ਜਾਣਾ ਚਾਹੀਦਾ ਹੈ। ਇਸ ਸਾਲ ਦੇ ਅਖੀਰ ਵਿਚ ਝਾਰਖੰਡ, ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਲੋਕ ਸਭਾ ਚੋਣਾਂ ਵਿਚ ਕਾਂਗਰਸ 52 ਸੀਟਾਂ 'ਤੇ ਸਿਮਟ ਗਈ ਹੈ। ਇਸ ਚੋਣਾਵੀ ਹਾਰ ਕਾਰਨ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ 'ਤੇ ਅੜੇ ਹੋਏ ਹਨ ਅਤੇ ਅਜਿਹੇ ਵਿਚ ਕਈ ਜਾਣਕਾਰ ਕਾਂਗਰਸ ਦੇ ਭਵਿੱਖ ਨੂੰ ਲੈ ਕੇ ਸਵਾਲ ਖੜ੍ਹੇ ਕਰਨ ਲੱਗੇ ਹਨ। ਥਰੂਰ ਨੇ ਕਿਹਾ ਕਿ ਕਾਂਗਰਸ ਹੁਣ ਵੀ ਦੇਸ਼ ਵਿਚ ਭਾਜਪਾ ਵਿਰੁੱਧ ਸਭ ਤੋਂ ਭਰੋਸੇਮੰਦ ਬਦਲ ਹੈ ਅਤੇ ਆਸ ਹੈ ਕਿ ਉਹ ਰਾਹੁਲ ਗਾਂਧੀ ਦੀ ਲੀਡਰਸ਼ਿਪ ਵਿਚ ਆਪਣਾ ਸੰਦੇਸ਼ ਪੂਰੇ ਦੇਸ਼ ਵਿਚ ਲੈ ਕੇ ਜਾਵੇਗੀ। ਸ਼ਸ਼ੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅੱਗੇ ਵਧ ਕੇ ਕਾਂਗਰਸ ਦੀ ਅਗਵਾਈ ਕੀਤੀ ਹੈ ਅਤੇ ਉਹ ਪਾਰਟੀ ਨੂੰ ਬਹੁਤ ਕੁਝ ਦੇ ਸਕਦੇ ਹਨ। ਰਾਹੁਲ ਨੇ ਪੂਰੇ ਸਾਹਸ ਨਾਲ ਹਾਰ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ, ਹਾਲਾਂਕਿ ਜੋ ਵੀ ਗਲਤ ਹੋਇਆ ਹੈ, ਉਸ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਅਤੇ ਅੱਗੇ ਪਾਰਟੀ ਨੂੰ ਫਿਰ ਤੋਂ ਖੜ੍ਹਾ ਕਰਨ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ।