ਸੱਤਾ ’ਚ ਆਏ ਤਾਂ ਪੂਰੇ ਦੇਸ਼ ’ਚ ਲਾਗੂ ਕਰਾਂਗੇ ਸਿਹਤ ਬੀਮਾ ਯੋਜਨਾ : ਰਾਹੁਲ ਗਾਂਧੀ
Friday, Dec 01, 2023 - 12:18 PM (IST)
ਵਾਇਨਾਡ (ਕੇਰਲ), (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਰਾਜਸਥਾਨ ਸਰਕਾਰ ਵਲੋਂ ਗਰੀਬਾਂ ਲਈ ਸ਼ੁਰੂ ਕੀਤੇ ਗਏ ਸਿਹਤ ਸੰਭਾਲ ਪ੍ਰੋਗਰਾਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ’ਚ ਸੱਤਾ ’ਚ ਆਉਂਦੀ ਹੈ ਤਾਂ ਪੂਰੇ ਦੇਸ਼ ਵਿਚ ਅਜਿਹੀ ਯੋਜਨਾ ਲਾਗੂ ਕੀਤੀ ਜਾਏਗੀ।
ਗਾਂਧੀ ਨੇ ਇਹ ਗੱਲ ਆਪਣੇ ਸੰਸਦੀ ਖੇਤਰ ਵਾਇਨਾਡ ਦੇ ਸੁਲਤਾਨ ਬਥੇਰੀ ਵਿਖੇ ਸਥਿਤ ਇਕ ਨਿੱਜੀ ਹਸਪਤਾਲ ਦੇ ਨਵੇਂ ਵਿੰਗ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਸਿਹਤ ਸੰਭਾਲ ਖੇਤਰ ਦਾ ਮੁੜ ਮੁਲਾਂਕਣ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ, ਬੁਨਿਆਦੀ ਗਾਰੰਟੀ ਵਜੋਂ ਗਰੀਬਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਦੇਣ ਨੂੰ ਪਹਿਲ ਦੇਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਰਾਸ਼ਟਰੀ ਪੱਧਰ ’ਤੇ ਜਿਸ ਤਰ੍ਹਾਂ ਅਸੀਂ ਸਿਹਤ ਸੰਭਾਲ ਖੇਤਰ ਬਾਰੇ ਸੋਚਦੇ ਹਾਂ, ਉਸ ’ਤੇ ਮੁੜ ਵਿਚਾਰ ਕਰਨਾ ਹੋਵੇਗਾ ਅਤੇ ਮੇਰਾ ਮੰਨਣਾ ਹੈ ਕਿ ਦੇਸ਼ ਦੀ ਸਰਕਾਰ ਨੂੰ ਅਸਲ ਵਿਚ ਜਿਸ ਗਾਰੰਟੀ ਬਾਰੇ ਸੋਚਣਾ ਚਾਹੀਦਾ ਹੈ, ਉਹ ਅਸਲ ਵਿਚ ਘੱਟ ਮੁੱਲ ’ਤੇ, ਵਿਸ਼ੇਸ਼ ਤੌਰ ’ਤੇ ਗਰੀਬਾਂ ਨੂੰ ਸਿਹਤ ਸਹੂਲਤਾਂ ਦੇਣ ਬਾਰੇ ਹੋਵੇ।