ਰਾਹੁਲ ਗਾਂਧੀ ਨੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ, ਲਿਖੀ ਭਾਵੁਕ ਕਰ ਦੇਣ ਵਾਲੀ ਚਿੱਠੀ
Wednesday, Jul 03, 2019 - 05:59 PM (IST)

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਹੁਲ ਨੇ ਆਪਣੇ ਅਸਤੀਫੇ ਨੂੰ ਲੈ ਕੇ ਇਕ ਖੁੱਲ੍ਹੀ ਚਿੱਠੀ ਵੀ ਲਿਖੀ ਹੈ। ਇਸ ਚਿੱਠੀ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਵੀ ਕੀਤਾ ਹੈ। ਚਿੱਠੀ ਵਿਚ ਰਾਹੁਲ ਨੇ ਲਿਖਿਆ ਕਿ ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਮਿਲੀ ਹਾਰ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ, ਇਸ ਕਾਰਨ ਮੈਂ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਕਾਂਗਰਸ ਪ੍ਰਧਾਨ ਅਹੁਦੇ 'ਤੇ ਰਹਿਣਾ ਮੇਰੇ ਲਈ ਮਾਣ ਦੀ ਗੱਲ ਹੈ। ਇਹ ਪਾਰਟੀ ਹਮੇਸ਼ਾ ਮੇਰੇ ਨਾਲ ਰਹੀ ਅਤੇ ਇਹ ਮੇਰੇ ਰਗਾਂ ਵਿਚ ਹੈ ਅਤੇ ਹਮੇਸ਼ਾ ਰਹੇਗੀ। ਮੈਂ ਦੇਸ਼ ਅਤੇ ਪਾਰਟੀ ਤੋਂ ਮਿਲੇ ਪਿਆਰ ਲਈ ਧੰਨਵਾਦੀ ਹਾਂ।
ਰਾਹੁਨ ਨੇ ਅੱਗੇ ਲਿਖਿਆ, ''ਕਾਂਗਰਸ ਪ੍ਰਧਾਨ ਦੇ ਤੌਰ 'ਤੇ 2019 'ਚ ਮਿਲੀ ਹਾਰ ਲਈ ਮੈਂ ਜ਼ਿੰਮੇਵਾਰ ਹਾਂ। ਸਾਡੀ ਪਾਰਟੀ ਦੇ ਭਵਿੱਖ ਲਈ ਜਵਾਬਦੇਹੀ ਜ਼ਰੂਰੀ ਹੈ। ਇਹ ਹੀ ਕਾਰਨ ਹੈ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। 2019 'ਚ ਮਿਲੀ ਹਾਰ ਲਈ ਪਾਰਟੀ ਨੂੰ ਮੁੜ ਸੰਗਠਿਤ ਕਰਨ ਦੀ ਲੋੜ ਹੈ। ਇਹ ਬੇਹੱਦ ਗਲਤ ਹੋਵੇਗਾ ਕਿ ਹਾਰ ਲਈ ਸਾਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ਬਹੁਤ ਸਾਰੇ ਸਾਥੀਆਂ ਨੇ ਮੈਨੂੰ ਅਸਤੀਫਾ ਨਾ ਦੇਣ ਲਈ ਕਿਹਾ ਅਤੇ ਪਾਰਟੀ ਦੇ ਅਗਲੇ ਪ੍ਰਧਾਨ ਦੇ ਨਾਮ ਦੀ ਚੋਣ ਕਰਨ ਲਈ ਵੀ ਕਿਹਾ ਗਿਆ।
ਮੇਰੇ ਲਈ ਕਿਸੇ ਇਕ ਦੀ ਚੋਣ ਕਰਨਾ ਗਲਤ ਹੋਵੇਗਾ। ਇਸ ਲਈ ਮੈਨੂੰ ਲੱਗਦਾ ਹੈ ਕਿ ਹੁਣ ਇਹ ਪਾਰਟੀ ਹੀ ਤੈਅ ਕਰੇਗੀ ਕਿ ਕੌਣ ਸਾਡੀ ਪਾਰਟੀ ਦੀ ਅਗਵਾਈ ਹਿੰਮਤ, ਪਿਆਰ ਅਤੇ ਜ਼ਿੰਮੇਵਾਰੀ ਨਾਲ ਕਰ ਸਕਦਾ ਹੈ। ਇੱਥੇ ਦੱਸ ਦੇਈਏ ਕਿ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਅੱਗੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਰਾਹੁਲ ਨੇ ਹਾਰ ਦੀ ਜ਼ਿੰਮੇਵਾਰੀ ਲਈ ਸੀ। ਇਸ ਗੱਲ ਨੂੰ ਲੈ ਕੇ ਪਾਰਟੀ 'ਚ ਸੈਂਕੜੇ ਨੇਤਾਵਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਪਰ ਰਾਹੁਲ ਆਪਣੀ ਤਕ ਪਰ ਜ਼ਿੱਦ 'ਤੇ ਅੜੇ ਰਹੇ। ਅੱਜ ਉਨ੍ਹਾਂ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਕੇ ਇਸ 'ਤੇ ਵਿਰਾਮ ਲਾ ਦਿੱਤਾ ਹੈ।