ਤੀਜੀ ਲਹਿਰ ਲਈ ਹੁਣ ਤੋਂ ਹੀ ਤਿਆਰੀ ਖਿੱਚੇ ਸਰਕਾਰ, ਕੋਵਿਡ ਮੁਆਵਜ਼ਾ ਫੰਡ ਬਣਾਏ: ਰਾਹੁਲ

Tuesday, Jun 22, 2021 - 01:17 PM (IST)

ਤੀਜੀ ਲਹਿਰ ਲਈ ਹੁਣ ਤੋਂ ਹੀ ਤਿਆਰੀ ਖਿੱਚੇ ਸਰਕਾਰ, ਕੋਵਿਡ ਮੁਆਵਜ਼ਾ ਫੰਡ ਬਣਾਏ: ਰਾਹੁਲ

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ-19 ਮਹਾਮਾਰੀ ਦੀ ਸਥਿਤੀ ਨੂੰ ਲੈ ਕੇ ਪਾਰਟੀ ਵਲੋਂ ਇਕ ‘ਸ਼ਵੇਤ ਪੱਤਰ’ ਜਾਰੀ ਕੀਤਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਤੀਜੀ ਲਹਿਰ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਹੁਣ ਤੋਂ ਹੀ ਪੂਰੀ ਤਿਆਰੀ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਵਲੋਂ ਗਰੀਬਾਂ ਨੂੰ ਆਰਥਿਕ ਮਦਦ ਦਿੱਤੀ ਜਾਣੀ ਚਾਹੀਦੀ ਹੈ ਅਤੇ ਕੋਵਿਡ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਦੇਣ ਲਈ ਕੋਵਿਡ ਮੁਆਵਜ਼ਾ ਫੰਡ ਸਥਾਪਤ ਕਰਨਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਇਸ ਸ਼ਵੇਤ ਪੱਤਰ ਦਾ ਟੀਚਾ ਸਰਕਾਰ ’ਤੇ ਉਂਗਲ ਚੁੱਕਣਾ ਨਹੀਂ ਹੈ। ਅਸੀਂ ਸਰਕਾਰ ਦੀਆਂ ਗਲਤੀਆਂ ਦਾ ਜ਼ਿਕਰ ਇਸ ਲਈ ਕਰ ਰਹੇ ਹਾਂ, ਤਾਂ ਕਿ ਆਉਣ ਵਾਲੇ ਸਮੇਂ ਵਿਚ ਗਲਤੀਆਂ ਨੂੰ ਠੀਕ ਕੀਤਾ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਕੋਵਿਡ-19 ਮਹਾਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਸਰਕਾਰ ਦਾ ਪ੍ਰਬੰਧਨ ਤ੍ਰਾਸਦੀਪੂਰਨ ਰਿਹਾ। 

 

ਰਾਹੁਲ ਨੇ ਸ਼ਵੇਤ ਪੱਤਰ ’ਚ ਮੁੱਖ ਬਿੰਦੂਆਂ ’ਤੇ ਧਿਆਨ ਕੇਂਦਰਿਤ ਕੀਤਾ। ਪਹਿਲਾ ਬਿੰਦੂ- ਤੀਜੀ ਲਹਿਰ ਦੀ ਤਿਆਰੀ ਹੈ। ਦੂਜਾ ਬਿੰਦੂ- ਗਰੀਬਾਂ, ਛੋਟੇ ਕਾਰੋਬਾਰੀਆਂ ਦੀ ਆਰਥਿਕ ਮਦਦ ਕੀਤੀ ਜਾਵੇ। ਤੀਜਾ ਬਿੰਦੂ- ਕੋਵਿਡ ਮੁਆਵਜ਼ਾ ਫੰਡ ਬਣੇ। ਚੌਥਾ ਬਿੰਦੂ- ਪਹਿਲੀ ਅਤੇ ਦੂਜੀ ਲਹਿਰ ਦੀਆਂ ਗਲਤੀਆਂ ਦਾ ਪਤਾ ਲਾਇਆ ਜਾਵੇ ਅਤੇ ਇਹ ਯਕੀਨੀ ਕੀਤਾ ਜਾਵੇ ਕਿ ਅੱਗੇ ਇਹ ਗਲਤੀਆਂ ਨਾ ਹੋਣ। 

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਦੂਜੀ ਲਹਿਰ ਤੋਂ ਪਹਿਲਾਂ ਸਾਡੇ ਵਿਗਿਆਨਕਾਂ ਅਤੇ ਡਾਕਟਰਾਂ ਨੇ ਦੂਜੀ ਲਹਿਰ ਦੀ ਗੱਲ ਕੀਤੀ ਸੀ। ਉਸ ਸਮੇਂ ਸਰਕਾਰ ਨੂੰ ਜੋ ਕਦਮ ਚੁੱਕਣਾ ਚਾਹੀਦਾ ਸੀ, ਜੋ ਵਿਵਹਾਰ ਹੋਣਾ ਚਾਹੀਦਾ ਸੀ, ਉਹ ਵੇਖਣ ਨੂੰ ਨਹੀਂ ਮਿਲਿਆ। ਇਸ ਤੋਂ ਬਾਅਦ ਦੂਜੀ ਲਹਿਰ ਦਾ ਸਾਡੇ ਸਾਰਿਆਂ ’ਤੇ ਅਸਰ ਹੋਇਆ। ਉਨ੍ਹਾਂ ਨੇ ਸਰਕਾਰ ਨੂੰ ਚੌਕਸ ਕਰਦੇ ਹੋਏ ਇਹ ਵੀ ਕਿਹਾ ਕਿ ਪੂਰਾ ਦੇਸ਼ ਜਾਣਦਾ ਹਾਂ ਕਿ ਤੀਜੀ ਲਹਿਰ ਆਉਣ ਵਾਲੀ ਹੈ। ਵਾਇਰਸ ਆਪਣਾ ਰੂਪ ਬਦਲ ਰਿਹਾ ਹੈ, ਇਸ ਲਈ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਪੂਰੀ ਤਿਆਰੀ ਕਰੇ। ਰਾਹੁਲ ਨੇ ਕਿਹਾ ਕਿ ਆਕਸੀਜਨ, ਦਵਾਈਆਂ, ਬੈੱਡ ਅਤੇ ਦੂਜੀਆਂ ਜ਼ਰੂਰਤਾਂ ਨੂੰ ਤੀਜੀ ਲਹਿਰ ਲਈ ਪੂਰਾ ਕਰਨਾ ਚਾਹੀਦਾ ਹੈ।


author

Tanu

Content Editor

Related News