ਰੋਕਿਆ ਗਿਆ ਪ੍ਰਿਯੰਕਾ ਅਤੇ ਰਾਹੁਲ ਦਾ ਕਾਫ਼ਲਾ, ਹਾਥਰਸ ਲਈ ਪੈਦਲ ਹੀ ਨਿਕਲੇ

Thursday, Oct 01, 2020 - 02:13 PM (IST)

ਰੋਕਿਆ ਗਿਆ ਪ੍ਰਿਯੰਕਾ ਅਤੇ ਰਾਹੁਲ ਦਾ ਕਾਫ਼ਲਾ, ਹਾਥਰਸ ਲਈ ਪੈਦਲ ਹੀ ਨਿਕਲੇ

ਲਖਨਊ/ਹਾਥਰਸ- ਉੱਤਰ ਪ੍ਰਦੇਸ਼ 'ਚ ਹਾਥਰਸ ਕਾਂਡ ਪੀੜਤਾ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਨ ਜਾ ਰਹੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਕਾਫ਼ਲੇ ਨੂੰ ਗ੍ਰੇਟਰ ਨੋਇਡਾ ਸਥਿਤ ਪੁਲਸ ਨੇ ਰੋਕ ਲਿਆ, ਜਿਸ ਤੋਂ ਬਾਅਦ ਉਹ ਪੈਦਲ ਹੀ ਹਾਥਰਸ ਲਈ ਨਿਕਲ ਗਏ। ਕਾਂਗਰਸ ਦੇ ਪ੍ਰਦੇਸ਼ ਮੀਡੀਆ ਕਨਵੀਨਰ ਲਲਨ ਕੁਮਾਰ ਨੇ ਦੱਸਿਆ ਕਿ ਪ੍ਰਿਯੰਕਾ ਅਤੇ ਰਾਹੁਲ ਹਾਥਰਸ ਕਾਂਡ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਜਾ ਰਹੇ ਸਨ। ਰਸਤੇ 'ਚ ਗ੍ਰੇਟਰ ਨੋਇਡਾ ਪੁਲਸ ਨੇ ਉਨ੍ਹਾਂ ਦੇ ਕਾਫ਼ਲੇ ਨੂੰ ਪਰੀ ਚੌਕ ਇਲਾਕੇ 'ਚ ਰੋਕ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਯਮੁਨਾ ਐਕਸਪ੍ਰੈੱਸ ਵੇਅ 'ਤੇ ਰੋਕੇ ਜਾਣ ਤੋਂ ਬਾਅਦ ਪ੍ਰਿਯੰਕਾ ਅਤੇ ਰਾਹੁਲ ਪੈਦਲ ਹੀ ਹਾਥਰਸ ਲਈ ਰਵਾਨਾ ਹੋ ਗਏ। ਜਿੱਥੇ ਉਨ੍ਹਾਂ ਨੂੰ ਰੋਕਿਆ ਗਿਆ ਸੀ, ਉੱਥੋਂ ਹਾਥਰਸ ਦੀ ਦੂਰੀ 142 ਕਿਲੋਮੀਟਰ ਹੈ।

ਇਸ ਵਿਚ ਰਾਜ ਸਰਕਾਰ ਦੇ ਬੁਲਾਰੇ ਅਤੇ ਕੈਬਨਿਟ ਮੰਤਰੀ ਸਿਧਾਰਥਨਾਥ ਸਿੰਘ ਨੇ ਰਾਹੁਲ ਅਤੇ ਪ੍ਰਿਯੰਕਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''ਇਹ ਜੋ ਭਰਾ-ਭੈਣ ਦਿੱਲੀ ਤੋਂ ਚਲੇ ਹਨ, ਉਨ੍ਹਾਂ ਨੂੰ ਰਾਜਸਥਾਨ ਜਾਣਾ ਚਾਹੀਦਾ ਸੀ। ਜਿੱਥੇ ਵੀ ਅਜਿਹੀ ਘਟਨਾ ਹੁੰਦੀ ਹੈ, ਉਹ ਭਿਆਨਕ ਅਪਰਾਧ ਹੁੰਦਾ ਹੈ। ਰਾਜਸਥਾਨ 'ਚ ਵੀ ਵਾਰਦਾਤ ਹੋਈ ਸੀ ਪਰ ਕਾਂਗਰਸ ਹਾਥਰਸ ਦੀ ਘਟਨਾ 'ਤੇ ਗੰਦੀ ਰਾਜਨੀਤੀ ਕਰ ਰਹੀ ਹੈ।''

ਦੂਜੇ ਪਾਸੇ ਹਾਥਰਸ ਜ਼ਿਲ੍ਹਾ ਅਧਿਕਾਰੀ ਪੀ.ਕੇ. ਲਕਸ਼ਕਾਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਅਧੀਨ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ, ਜੋ ਆਉਣ ਵਾਲੀ 31 ਅਕਤੂਬਰ ਤੱਕ ਪ੍ਰਭਾਵੀ ਰਹੇਗੀ। ਜ਼ਿਲ੍ਹੇ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਸਾਰਿਆਂ ਨੂੰ ਜ਼ਿਲ੍ਹੇ 'ਚ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ 14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣਾ ਖੇਤਰ ਸਥਿਤ ਇਕ ਪਿੰਡ ਦੀ ਰਹਿਣ ਵਾਲੇ 19 ਸਾਲਾ ਦਲਿਤ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਸੀ। ਕੁੜੀ ਨੂੰ ਰੀੜ੍ਹ ਦੀ ਹੱਡੀ 'ਚ ਸੱਟ ਅਤੇ ਜੀਭ ਕੱਟਣ ਕਾਰਨ ਪਹਿਲਾਂ ਅਲੀਗੜ੍ਹ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਦਿੱਲੀ ਸਥਿਤ ਸਫ਼ਦਰਗੰਜ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਮੰਗਲਵਾਰ ਤੜਕੇ ਉਸ ਦੀ ਮੌਤ ਹੋ ਗਈ।


author

DIsha

Content Editor

Related News