ਰਾਹੁਲ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ''ਤੇ ਕੇਂਦਰ ''ਤੇ ਸਾਧਿਆ ਨਿਸ਼ਾਨਾ
Monday, Mar 22, 2021 - 03:50 PM (IST)
![ਰਾਹੁਲ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ''ਤੇ ਕੇਂਦਰ ''ਤੇ ਸਾਧਿਆ ਨਿਸ਼ਾਨਾ](https://static.jagbani.com/multimedia/2021_3image_15_50_295953644rahul.jpg)
ਕੋਚੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਸੋਮਵਾਰ ਨੂੰ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਉਹ ਸਰਕਾਰ ਚਲਾਉਣ ਲਈ ਲੋਕਾਂ ਦੀ ਜੇਬ 'ਚੋਂ ਜ਼ਬਰਨ ਪੈਸਾ ਕੱਢ ਰਹੀ ਹੈ। ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਨੇ ਅਰਥਵਿਵਸਥਾ ਦੀ ਹਾਲਤ ਖ਼ਰਾਬ ਕਰਨ ਲਈ ਸਰਕਾਰ ਦੇ ਕੁਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾਇਆ। ਚੋਣ ਪ੍ਰਚਾਰ ਲਈ ਕੇਰਲ ਪਹੁੰਚੇ ਕਾੰਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,''ਸਮੱਸਿਆ ਕੁਝ ਹੋਰ ਸਮੇਂ ਤੱਕ ਜਾਰੀ ਰਹੇਗੀ, ਕਿਉਂਕਿ ਕੁਪ੍ਰਬੰਧਨ ਕਾਫ਼ੀ ਜ਼ਿਆਦਾ ਅਤੇ ਡੂੰਘਾ ਹੈ।'' ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਥ 'ਚ ਵੱਧ ਪੈਸਾ ਦੇਣਾ ਇਸ ਆਫ਼ਤ 'ਚੋਂ ਨਿਕਲਣ ਦਾ ਇਕਮਾਤਰ ਤਰੀਕਾ ਹੈ ਪਰ ਸਰਕਾਰ ਸੁਣ ਨਹੀਂ ਰਹੀ ਹੈ ਅਤੇ ਕਹਿ ਰਹੀ ਹੈ,''ਵੱਧ ਉਤਪਾਦਨ ਕਰੋ।''
ਇਹ ਵੀ ਪੜ੍ਹੋ : ਉਦਯੋਗਪਤੀਆਂ ਦੇ ਫ਼ਾਇਦੇ ਲਈ ਕਿਸਾਨਾਂ ਦਾ ਭਵਿੱਖ ਖੋਹਣਾ ਚਾਹੁੰਦੀ ਹੈ ਸਰਕਾਰ : ਰਾਹੁਲ ਗਾਂਧੀ
ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੇ ਮੁੱਲ 'ਚ ਵਾਧੇ ਨੂੰ ਲੈ ਕੇ ਕੀਤੇ ਗਏ ਸਵਾਲ 'ਤੇ ਰਾਹੁਲ ਨੇ ਕਿਹਾ,''ਸਾਡਾ ਮੰਨਣਾ ਹੈ ਕਿ ਅਰਥ ਵਿਵਸਥਾ ਨੂੰ ਸ਼ੁਰੂ ਕਰਨ ਦਾ ਤਰੀਕਾ ਇਹ ਹੈ ਕਿ ਖਪਤ ਸ਼ੁਰੂ ਕੀਤੀ ਜਾਵੇ। ਲੋਕਾਂ ਨੂੰ ਪੈਸਾ ਦੇਣ ਨਾਲ ਉਹ ਚੀਜ਼ਾਂ ਦੀ ਖਪਤ ਕਰਨਾ ਅਤੇ ਸਾਮਾਨ ਖਰੀਦਣਾ ਸ਼ੁਰੂ ਕਰ ਦੇਣਗੇ।''
ਉਨ੍ਹਾਂ ਨੇ ਕਿਹਾ,''ਨੋਟਬੰਦੀ ਅਤੇ ਜੀ.ਐੱਸ.ਟੀ. ਕਾਰਨ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਇਹ ਪਹਿਲਾਂ ਤੋਂ ਕਮਜ਼ੋਰ ਸੀ। ਇਸ ਤੋਂ ਬਾਅਦ, ਜਦੋਂ ਕੋਵਿਡ-19 ਮਹਾਮਾਰੀ ਆਈ ਤਾਂ ਅਰਥਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਗਈ।'' ਰਾਹੁਲ ਨੇ ਕਿਹਾ,''ਅਰਥ ਵਿਵਸਥਾ ਨਹੀਂ ਚੱਲਣ ਕਾਰਨ ਸਰਕਾਰ ਕੋਲ ਪੈਸਾ ਨਹੀਂ ਹੈ। ਉਹ ਟੈਸਕ ਅਤੇ ਪੈਸਾ ਨਹੀਂ ਜੁਟਾ ਪਾ ਰਹੇ ਹਨ। ਇਸ ਲਈ ਉਹ ਤੁਹਾਡੀ ਜੇਲ ਤੋਂ- ਪੈਟਰੋਲ ਅਤੇ ਡੀਜ਼ਲ ਲਈ ਜ਼ਬਰਨ ਪੈਸਾ ਲੈ ਰਹੇ ਹਨ ਅਤੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਅਰਥ ਵਿਵਸਥਾ ਦੇ ਕੰਮ ਕਰਨ ਲਈ ਸਦਭਾਵਨਾ ਦਾ ਮਾਹੌਲ ਹੋਣਾ ਜ਼ਰੂਰੀ ਹੈ। ਕਾਂਗਰਸ ਨੇਤਾ ਨੇ ਕਿਹਾ,''ਤੁਹਾਨੂੰ ਸਦਭਾਵਨਾ, ਸ਼ਾਂਤੀ ਅਤੇ ਸੁਕੂਨ ਦੀ ਜ਼ਰੂਰਤ ਹੈ ਅਤੇ ਤੁਹਾਨੂੰ ਇਕ ਰਣਨੀਤੀ ਚਾਹੀਦੀ ਹੈ। ਇਸੇ ਕਾਰਨ ਸਮੱਸਿਆ ਹੈ।''
ਨੋਟ : ਰਾਹੁਲ ਗਾਂਧੀ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ