ਰਾਹੁਲ ਗਾਂਧੀ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ, ਪੂਰਾ ਪਰਿਵਾਰ ਤੇ ਕਰੀਬੀ ਸਨ ਨਾਲ
Wednesday, Apr 10, 2019 - 01:17 PM (IST)

ਅਮੇਠੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮੇਠੀ ਤੋਂ ਲੋਕ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਪੂਰਾ ਪਰਿਵਾਰ ਅਤੇ ਕਰੀਬੀ ਲੋਕ ਮੌਜੂਦ ਰਹੇ। ਰਾਹੁਲ ਦੇ ਰੋਡ ਸ਼ੋਅ ਦੌਰਾਨ ਸੋਨੀਆ ਗਾਂਧੀ ਨੂੰ ਛੱਡ ਕੇ ਪੂਰਾ ਗਾਂਧੀ ਪਰਿਵਾਰ ਅਮੇਠੀ ਦੀਆਂ ਸੜਕਾਂ 'ਤੇ ਉਤਰ ਆਇਆ। ਨਾਮਜ਼ਦਗੀ ਤੋਂ ਠੀਕ ਪਹਿਲਾਂ ਕਰੀਬ ਤਿੰਨ ਕਿਲੋਮੀਟਰ ਲੰਬਾ ਰੋਡ ਸ਼ੋਅ ਕਰ ਕੇ ਰਾਹੁਲ ਨੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ। ਰੋਡ ਸ਼ੋਅ ਦੌਰਾਨ ਰਾਹੁਲ ਨਾਲ ਚੋਣਾਵੀ ਰਥ 'ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ, ਜੀਜਾ ਰਾਬਰਟ ਵਾਡਰਾ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਰਿਹਾਨ ਅਤੇ ਮਿਆਰਾ ਵੀ ਮੌਜੂਦ ਰਹੇ। ਰਾਹੁਲ ਦੇ ਨਾਮਜ਼ਦਗੀ ਦੌਰਾਨ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਮੌਜੂਦ ਰਹੀ।
3 ਕਿਲੋਮੀਟਰ ਲੰਬਾ ਰੋਡ ਸ਼ੋਅ
3 ਕਿਲੋਮੀਟਰ ਲੰਬੇ ਇਸ ਰੋਡ ਸ਼ੋਅ ਦੌਰਾਨ ਕਾਂਗਰਸ ਵਰਕਰਾਂ ਨੇ ਫੁੱਲ ਅਤੇ ਮਾਲਾਵਾਂ ਨਾਲ ਰਾਹੁਲ ਦਾ ਜ਼ੋਰਦਾਰ ਸਵਾਗਤ ਕੀਤਾ। ਰਾਹੁਲ ਗਾਂਧੀ, ਪ੍ਰਿਯੰਕਾ ਅਤੇ ਰਾਬਰਟ ਵਾਡਰਾ ਨੇ ਹੱਥ ਹਿਲਾ ਕੇ ਕਾਂਗਰਸ ਵਰਕਰਾਂ ਦਾ ਧੰਨਵਾਦ ਕੀਤਾ। ਰੋਡ ਸ਼ੋਅ ਦੇ ਰਸਤੇ ਨੂੰ ਕਾਂਗਰਸ ਵਰਕਰਾਂ ਨੇ ਕਾਂਗਰਸੀ ਝੰਡਿਆਂ ਅਤੇ ਫੁੱਲ-ਮਾਲਾਵਾਂ ਨਾਲ ਸਜਾ ਰੱਖਿਆ ਸੀ। ਅਮੇਠੀ 'ਚ ਜਸ਼ਨ ਵਰਗਾ ਮਾਹੌਲ ਰਿਹਾ। ਰੋਡ ਸ਼ੋਅ ਤੋਂ ਬਾਅਦ ਰਾਹੁਲ ਗਾਂਧੀ ਨੇ ਕਲੈਕਟਰੇਟ ਦਫ਼ਤਰ 'ਚ ਆਪਣਾ ਪਰਚਾ ਦਾਖਲ ਕੀਤਾ। ਇਸ ਦੌਰਾਨ ਸੋਨੀਆ ਗਾਂਧੀ, ਪ੍ਰਿਯੰਕਾ, ਰਾਬਰਟ ਵਾਡਰਾ ਵੀ ਮੌਜੂਦ ਰਹੇ। ਦੱਸਣਯੋਗ ਹੈ ਕਿ ਅਮੇਠੀ 'ਚ 6 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ।
2 ਲੋਕ ਸਭਾ ਸੀਟਾਂ ਤੋਂ ਲੜ ਰਹੇ ਹਨ ਚੋਣਾਂ
ਦੱਸਣਯੋਗ ਹੈ ਕਿ ਰਾਹੁਲ ਕੇਰਲ ਦੇ ਵਾਇਨਾਡ ਤੋਂ ਵੀ ਚੋਣਾਂ ਲੜ ਰਹੇ ਹਨ। ਅਮੇਠੀ 'ਚ ਉਨ੍ਹਾਂ ਦਾ ਮੁਕਾਬਲਾ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨਾਲ ਹੋਵੇਗਾ। ਕਾਂਗਰਸ ਪ੍ਰਧਾਨ ਰਾਹੁਲ ਪਹਿਲੀ ਵਾਰ 2 ਲੋਕ ਸਭਾ ਸੀਟਾਂ ਤੋਂ ਚੋਣਾਂ ਲੜ ਰਹੇ ਹਨ। ਇਸ ਤੋਂ ਪਹਿਲਾਂ ਸੋਨੀਆ ਅਤੇ ਪ੍ਰਿਯੰਕਾ ਰਾਹੁਲ ਦੇ ਨਾਮਜ਼ਦਗੀ 'ਚ ਸ਼ਾਮਲ ਹੋਣ ਲਈ ਮੰਗਲਵਾਰ ਰਾਤ ਹੀ ਅਮੇਠੀ ਪਹੁੰਚ ਗਏ ਸਨ। ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ਮੁੰਸ਼ੀਗੰਜ-ਦਰਪੀਪੁਰ ਦੇ ਰਸਤੇ ਹੁੰਦੇ ਹੋਏ ਗੌਰੀਗੰਜ ਨਗਰ ਤੱਕ ਜਾਣਗੇ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਅਮੇਠੀ 'ਚ ਸਮਰਿਤੀ ਤੋਂ ਮਿਲ ਰਹੀ ਸਖਤ ਟੱਕਰ ਨੂੰ ਦੇਖਦੇ ਹੋਏ ਨਾਮਜ਼ਦ ਭਰਨ ਤੋਂ ਠੀਕ ਪਹਿਲਾਂ ਰੋਡ ਸ਼ੋਅ ਰਾਹੀਂ ਰਾਹੁਲ ਨੇ ਆਪਣੇ ਸਮਰਥਕਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ। ਰਾਹੁਲ ਦੇ ਰੋਡ ਸ਼ੋਅ 'ਚ ਕਈ ਦਿੱਗਜ ਨੇਤਾ ਸ਼ਾਮਲ ਹਨ। ਰਾਹੁਲ ਅਮੇਠੀ ਤੋਂ ਲਗਾਤਾਰ 3 ਵਾਰ ਸੰਸਦ ਮੈਂਬਰ ਚੁਣੇ ਗਏ ਹਨ। 2004 'ਚ ਉਨ੍ਹਾਂ ਨੇ ਪਹਿਲੀ ਵਾਰ ਇੱਥੋਂ ਜਿੱਤ ਹਾਸਲ ਕੀਤੀ ਸੀ। ਫਿਰ 2009 'ਚ ਅਤੇ 2014 'ਚ ਵੀ ਉਹ ਇਸ ਸੀਟ ਤੋਂ ਸੰਸਦ ਪੁੱਜੇ।
ਅਮੇਠੀ ਤੋਂ ਹੀ ਚਾਚਾ ਅਤੇ ਪਿਤਾ ਵੀ ਰਹੇ ਸੰਸਦ ਮੈਂਬਰ
2014 'ਚ ਭਾਜਪਾ ਨੇ ਰਾਹੁਲ ਵਿਰੁੱਧ ਸਮਰਿਤੀ ਇਰਾਨੀ ਨੂੰ ਟਿਕਟ ਦਿੱਤਾ ਸੀ। ਸਮਰਿਤੀ ਲਈ ਚੋਣ ਪ੍ਰਚਾਰ ਕਰਨ ਖੁਦ ਪੀ.ਐੱਮ. ਨਰਿੰਦਰ ਮੋਦੀ ਵੀ ਅਮੇਠੀ ਗਏ ਸਨ। ਇਸ ਵਾਰ ਵੀ ਰਾਹੁਲ ਦੇ ਸਾਹਮਣੇ ਸਮਰਿਤੀ ਚੁਣੌਤੀ ਦੇਵੇਗੀ। ਅਮੇਠੀ ਤੋਂ ਆਪਣਾ ਰਿਸ਼ਤਾ ਦਿਲ ਨਾਲ ਹੋਣ ਦੀ ਗੱਲ ਰਾਹੁਲ ਗਾਂਧੀ ਕਈ ਵਾਰ ਕਹਿ ਚੁਕੇ ਹਨ। ਇਹ ਸੀਟ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਪਰਿਵਾਰ ਦੀ ਸੀਟ ਰਹੀ ਹੈ। ਇਸੇ ਸੀਟ ਤੋਂ ਉਨ੍ਹਾਂ ਦੇ ਚਾਚਾ ਸੰਜੇ ਗਾਂਧੀ ਵੀ ਚੋਣਾਂ ਜਿੱਤ ਕੇ ਸੰਸਦ ਪਹੁੰਚੇ ਸਨ। ਸੰਜੇ ਦੀ ਮੌਤ ਤੋਂ ਬਾਅਦ 1981 'ਚ ਇਸ ਸੀਟ 'ਤੇ ਉੱਪ-ਚੋਣਾਂ ਹੋਈਆਂ ਅਤੇ ਉਦੋਂ ਰਾਜੀਵ ਗਾਂਧੀ ਇੱਥੋਂ ਚੁਣ ਕੇ ਸੰਸਦ ਗਏ। ਰਾਹੁਲ ਅਤੇ ਪ੍ਰਿਯੰਕਾ ਖੁਦ ਕਈ ਵਾਰ ਚੋਣ ਪ੍ਰਚਾਰ ਦੌਰਾਨ ਅਮੇਠੀ ਤੋਂ ਖਾਸ ਰਿਸ਼ਤਾ ਹੋਣ ਦੀ ਗੱਲ ਕਰਦੇ ਰਹੇ ਹਨ।