ਪੀ. ਐੱਮ. ਮੋਦੀ 'ਤੇ ਤੰਜ ਕੱਸਦੇ ਖੁਦ ਯੂਜ਼ਰਸ ਦੇ ਘੇਰੇ 'ਚ ਆਏ ਰਾਹੁਲ, ਟਵਿੱਟਰ 'ਤੇ ਕੀਤੀ ਗਲਤੀ
Monday, Jun 22, 2020 - 03:24 PM (IST)
ਨਵੀਂ ਦਿੱਲੀ— ਇਨਸਾਨ ਗਲਤੀਆਂ ਦਾ ਪੁਤਲਾ ਹੈ, ਗਲਤੀਆਂ ਹੋਣਾ ਲਾਜ਼ਮੀ ਹੈ। ਪਰ ਗੱਲ ਜਦੋਂ ਸਿਆਸੀ ਲੀਡਰਾਂ ਦੀ ਆਉਂਦੀ ਹੈ ਤਾਂ ਇਹ ਲੋਕਾਂ ਲਈ ਵੱਡੀ ਖ਼ਬਰ ਬਣ ਜਾਂਦੀ ਹੈ। ਕਦੇ ਲੀਡਰਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ ਅਤੇ ਕਦੇ ਉਹ ਆਪਣੀ ਭੜਾਸ ਕੱਢਣ ਲਈ ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਕਰਦੇ ਹਨ। ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਜਾਂ ਤੰਜ ਕਰਦੇ ਹੋਏ ਉਹ ਵੱਡੀਆਂ ਗਲਤੀਆਂ ਵੀ ਕਰ ਬੈਠਦੇ ਹਨ।
ਕੁਝ ਅਜਿਹੀ ਹੀ ਗਲਤੀ ਕਰ ਬੈਠੇ ਹਨ ਕਾਂਗਰਸ ਨੇਤਾ ਰਾਹੁਲ ਗਾਂਧੀ। ਦਰਅਸਲ ਪੂਰਬੀ ਲੱਦਾਖ ਦੇ ਗਲਵਾਨ ਘਾਟੀ ਵਿਚ ਭਾਰਤ-ਚੀਨ ਸਰੱਹਦੀ ਵਿਵਾਦ ਤੋਂ ਬਾਅਦ ਇਕ ਵੀ ਦਿਨ ਅਜਿਹਾ ਨਹੀਂ ਗਿਆ, ਜਦੋਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਖਾਸ ਕਰ ਕੇ ਨਰਿੰਦਰ ਮੋਦੀ ਨੂੰ ਲੈ ਕੇ ਤੰਜ ਨਾ ਕੱਸਿਆ ਹੋਵੇ। ਐਤਵਾਰ ਨੂੰ ਵੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਰੈਂਡਰ ਮੋਦੀ ਕਹਿ ਦਿੱਤਾ। ਇਸ ਦੌਰਾਨ ਰਾਹੁਲ ਤੋਂ ਇਕ ਛੋਟੀ ਜਿਹੀ ਗਲਤੀ ਹੋ ਗਈ, ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਲ 'ਚ ਸੁਰਿੰਦਰ ਮੋਦੀ ਹਨ। ਯਾਨੀ ਕਿ ਸਰੈਂਡਰ ਦੀ ਥਾਂ ਉਹ ਸੁਰਿੰਦਰ ਲਿਖ ਗਏ।
ਰਾਹੁਲ ਦੇ ਇਸ ਟਵੀਟ ਤੋਂ ਬਾਅਦ ਯੂਜ਼ਰਸ ਉਨ੍ਹਾਂ ਨੂੰ ਜੰਮ ਕੇ ਟਰੋਲ ਕਰ ਰਹੇ ਹਨ। ਰਾਹੁਲ ਗਾਂਧੀ ਦੇ ਇਸ ਟਵੀਟ ਨੂੰ 35 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਰੀ-ਟਵੀਟ ਕੀਤਾ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ, ਰਾਹੁਲ ਗਾਂਧੀ ਸਿਆਸੀ ਰੈਲੀਆਂ ਦੌਰਾਨ ਮੰਚ ਤੋਂ ਤਾਂ ਕਦੇ ਮੀਡੀਆ ਨਾਲ ਗੱਲਬਾਤ ਦੌਰਾਨ ਗਲਤੀਆਂ ਕਰਦੇ ਰਹੇ ਹਨ।