ਦਿੱਲੀ ’ਚ 9 ਸਾਲਾ ਬੱਚੀ ਨਾਲ ਦਰਿੰਦਗੀ, ਪੀੜਤ ਪਰਿਵਾਰ ਨੂੰ ਮਿਲਣ ਮਗਰੋਂ ਰਾਹੁਲ ਬੋਲੇ- ਮੈਂ ਉਨ੍ਹਾਂ ਨਾਲ ਹਾਂ

Wednesday, Aug 04, 2021 - 10:54 AM (IST)

ਨਵੀਂ ਦਿੱਲੀ— ਦਿੱਲੀ ਕੈਂਟ ਸ਼ਮਸ਼ਾਨ ਵਿਚ 1 ਅਗਸਤ ਨੂੰ 9 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਉਸ ਦੀ ਲਾਸ਼ ਨੂੰ ਜ਼ਬਰਨ ਸਾੜ ਦਿੱਤਾ ਗਿਆ। ਪਰਿਵਾਰ ਦੀ ਆਗਿਆ ਦੇ ਬਿਨਾਂ ਲਾਸ਼ ਨੂੰ ਸਾੜਨ ਜਾਣ ਕਾਰਨ ਪੂਰੇ ਇਲਾਕੇ ’ਚ ਰੋਹ ਹੈ। ਉੱਥੇ ਹੀ ਇਸ ’ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਨਾਂਗਲ ਪਿੰਡ ਗਏ ਅਤੇ ਉਨ੍ਹਾਂ ਨੇ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਬੱਚੀ ਦੇ ਮਾਪਿਆਂ ਨਾਲ ਕਾਰ ’ਚ ਬੈਠ ਕੇ ਉਨ੍ਹਾਂ ਦੀ ਗੱਲ ਨੂੰ ਸੁਣਿਆ।

ਰਾਹੁਲ ਨੇ ਕਿਹਾ ਕਿ ਮਾਤਾ-ਪਿਤਾ ਦੇ ਹੰਝੂ ਸਿਰਫ਼ ਇਕ ਗੱਲ ਕਹਿ ਰਹੇ ਹਨ। ਉਨ੍ਹਾਂ ਦੀ ਧੀ, ਦੇਸ਼ ਦੀ ਧੀ ਨਿਆਂ ਦੀ ਹੱਕਦਾਰ ਹੈ ਅਤੇ ਇਸ ਨਿਆਂ ਦੇ ਰਾਹ ’ਤੇ ਮੈਂ ਉਨ੍ਹਾਂ ਨਾਲ ਹਾਂ। ਪਰਿਵਾਰ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ ਨਿਆਂ ਨਹੀਂ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਪੂਰੀ ਮਦਦ ਹੋਣੀ ਚਾਹੀਦੀ ਹੈ। ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲੇਗਾ ਉਦੋਂ ਤੱਕ ਰਾਹੁਲ ਗਾਂਧੀ ਉਨ੍ਹਾਂ ਨਾਲ ਖੜ੍ਹਾ ਹੈ। ਓਧਰ ਮਿ੍ਰਤਕਾ ਦੇ ਮਾਪੇ ਦੱਸਦੇ ਹਨ ਕਿ ਉਨ੍ਹਾਂ ਦੀ ਬੱਚੀ ਦਾ ਜਬਰ-ਜ਼ਿਨਾਹ ਕੀਤਾ ਗਿਆ ਅਤੇ ਇਕ ਪੁਜਾਰੀ ਨੇ ਇਹ ਝੂਠ ਬੋਲ ਕੇ ਉਸ ਦਾ ਜ਼ਬਰਨ ਅੰਤਿਮ ਸੰਸਕਾਰ ਕਰਵਾ ਦਿੱਤਾ ਕਿ ਉਸ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਹੈ। ਪੰਡਿਤ ਨੇ ਕਿਹਾ ਕਿ ਪੁਲਸ ਅਤੇ ਡਾਕਟਰ ਨੂੰ ਬੁਲਾਉਣ ਦੀ ਲੋੜ ਨਹੀਂ ਹੈ, ਇੱਥੇ ਬੱਚੀ ਦਾ ਅੰਤਿਮ ਸੰਸਕਾਰ ਕਰ ਦਿੰਦੇ ਹਾਂ। ਪੰਡਿਤ ਨੇ ਜ਼ਬਰਦਸਤੀ ਬੱਚੀ ਦਾ ਅੰਤਿਮ ਸੰਸਕਾਰ ਕਰ ਦਿੱਤਾ। 

ਦੱਸ ਦੇਈਏ ਕਿ ਪੀੜਤ ਪਰਿਵਾਰ ਰਾਜਸਥਾਨ ਦੇ ਭਰਤਪੁਰ ਦਾ ਰਹਿਣ ਵਾਲਾ ਹੈ। ਉਹ ਰੁਜ਼ਗਾਰ ਦੀ ਭਾਲ ਵਿਚ ਦਿੱਲੀ ਆਇਆ ਸੀ। ਬੱਚੀ ਦੇ ਮਾਪਿਆਂ ਨੇ ਦੱਸਿਆ ਕਿ ਉਹ ਪਿੰਡ ’ਚ ਸ਼ਮਸ਼ਾਨਘਾਟ ਦੇ ਸਾਹਮਣੇ ਕਿਰਾਏ ਦੇ ਘਰ ’ਚ ਰਹਿੰਦੇ ਹਨ। ਐਤਵਾਰ ਸ਼ਾਮ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਮਸ਼ਾਨਘਾਟ ਵਿਚ ਲੱਗੇ ਪਾਣੀ ਦੇ ਕੂਲਰ ਤੋਂ ਠੰਡਾ ਪਾਣੀ ਲੈਣ ਗਈ ਬੱਚੀ ਨੂੰ ਕਰੰਟ ਲੱਗ ਗਿਆ ਹੈ। ਸ਼ਾਮ ਨੂੰ ਕਰੀਬ 6 ਵਜੇ ਮਾਂ ਨੂੰ ਜਾਣਨ ਵਾਲੇ 2-3 ਲੋਕਾਂ ਨੇ ਉਸ ਨੂੰ ਬੁਲਾਇਆ ਅਤੇ ਬੱਚੀ ਦੀ ਲਾਸ਼ ਦਿਖਾ ਕੇ ਦਾਅਵਾ ਕੀਤਾ ਕਿ ਕੂਲਰ ਤੋਂ ਪਾਣੀ ਲੈਣ ਦੌਰਾਨ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਓਧਰ ਦਿੱਲੀ ਮਹਿਲਾ ਕਮਿਸ਼ਨ ਸਵਾਤੀ ਮਾਲੀਵਾਲ ਨੇ ਘਟਨਾ ਦੀ ਜਾਂਚ ਸ਼ੁਰੂ ਕਰਦੇ ਹੋਏ ਪੁਲਸ ਅਧਿਕਾਰੀਆਂ ਨੂੰ ਤਲਬ ਕੀਤਾ ਹੈ।


Tanu

Content Editor

Related News