ਰਾਹੁਲ ਦਾ ਮੋਦੀ ਸਰਕਾਰ ''ਤੇ ਤੰਜ- ਅਗਿਆਨਤਾ ਤੋਂ ਵਧੇਰੇ ਖ਼ਤਰਨਾਕ ਹੁੰਦਾ ਹੈ ਹੰਕਾਰ

Monday, Jun 15, 2020 - 01:11 PM (IST)

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਸੋਮਵਾਰ ਭਾਵ ਅੱਜ ਮੋਦੀ ਸਰਕਾਰ 'ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਲਾਏ ਗਏ ਤਾਲਾਬੰਦੀ ਤੋਂ ਸਾਬਤ ਹੁੰਦਾ ਹੈ ਕਿ ਅਗਿਆਨਤਾ ਤੋਂ ਵਧੇਰੇ ਖ਼ਤਰਨਾਕ ਹੰਕਾਰ ਹੁੰਦਾ ਹੈ। ਉਨ੍ਹਾਂ ਨੇ ਮਹਾਨ ਵਿਗਿਆਨਕ ਅਲਬਰਟ ਆਇੰਸਟੀਨ ਦੇ ਇਕ ਕਥਨ ਦਾ ਜ਼ਿਕਰ ਕਰਦਿਆਂ ਟਵੀਟ ਕੀਤਾ ਕਿ ਇਹ ਤਾਲਾਬੰਦੀ ਸਾਬਤ ਕਰਦਾ ਹੈ ਕਿ ਸਿਰਫ ਇਕ ਚੀਜ਼ ਅਗਿਆਨਤਾ ਤੋਂ ਵਧੇਰੇ ਖ਼ਤਰਨਾਕ ਹੈ ਅਤੇ ਉਹ ਹੈ ਹੰਕਾਰ। 

 

ਕਾਂਗਰਸ ਨੇਤਾ ਨੇ ਤਾਲਾਬੰਦੀ ਦੇ ਚਾਰੋਂ ਪੜਾਵਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਨਾਲ ਜੁੜਿਆ ਇਕ ਗ੍ਰਾਫ ਵੀ ਸ਼ੇਅਰ ਕੀਤਾ। ਦੱਸ ਦੇਈਏ ਕਿ 24 ਮਾਰਚ ਨੂੰ ਕੇਂਦਰ ਸਰਕਾਰ ਵਲੋਂ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਤਾਲਾਬੰਦੀ ਨੂੰ 5 ਪੜਾਵਾਂ 'ਚ ਲਾਗੂ ਕੀਤਾ ਗਿਆ ਹੈ। ਹੁਣ ਤਾਲਾਬੰਦੀ ਦਾ 5ਵਾਂ ਪੜਾਅ ਹੈ ਪਰ ਸਰਕਾਰ ਵਲੋਂ ਕਈ ਤਰ੍ਹਾਂ ਦੀ ਢਿੱਲ ਦਿੱਤੀ ਗਈ ਹੈ। ਧਾਰਮਿਕ ਸਥਾਨ, ਰੈਸਟੋਰੈਂਟ ਆਦਿ ਕਈ ਥਾਵਾਂ ਖੁੱਲ੍ਹ ਗਈਆਂ ਹਨ, ਜਿੱਥੇ ਲੋਕਾਂ ਦੀ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ। ਤਾਲਾਬੰਦੀ 'ਚ ਮਿਲੀ ਢਿੱਲ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

ਸਿਹਤ ਮੰਤਰਾਲਾ ਮੁਤਾਬਕ ਭਾਰਤ ਵਿਚ ਲਗਾਤਾਰ ਤੀਜੇ ਦਿਨ ਕੋਰੋਨਾ ਵਾਇਰਸ ਦੇ 11,000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਅਤੇ ਸੋਮਵਾਰ ਭਾਵ ਅੱਜ ਵਾਇਰਸ ਦੇ ਮਾਮਲੇ ਵੱਧ ਕੇ 3,32,424 ਹੋ ਗਏ ਹਨ। ਇਸ ਜਾਨਲੇਵਾ ਵਾਇਰਸ ਨਾਲ 325 ਹੋਰ ਲੋਕਾਂ ਦੀ ਮੌਤ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 9,520 ਹੋ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਭਾਰਤ ਕੋਰੋਨਾ ਵਾਇਰਸ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ।


Tanu

Content Editor

Related News