ਰਾਹੁਲ ਗਾਂਧੀ ਵਿਦੇਸ਼ਾਂ ਤੋਂ ਦੇ ਰਹੇ ਹਨ ਹੁਕਮ

Tuesday, Jan 07, 2025 - 11:42 PM (IST)

ਰਾਹੁਲ ਗਾਂਧੀ ਵਿਦੇਸ਼ਾਂ ਤੋਂ ਦੇ ਰਹੇ ਹਨ ਹੁਕਮ

ਨੈਸ਼ਨਲ ਡੈਸਕ- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਾਇਦ ਭਾਰਤ ਤੋਂ ਦੂਰ ਹਨ। ਉਨ੍ਹਾਂ ਦੇ 10 ਜਨਵਰੀ ਦੇ ਆਸਪਾਸ ਦੇਸ਼ ਪਰਤਣ ਦੀ ਸੰਭਾਵਨਾ ਹੈ। ਉਨ੍ਹਾਂ ਕੋਲ ਕੈਬਨਿਟ ਮੰਤਰੀ ਦੇ ਬਰਾਬਰ ਦਾ ਅਹੁਦਾ ਹੈ ਪਰ ਕੋਈ ਨਹੀਂ ਜਾਣਦਾ ਕਿ ਉਹ ਆਪਣੀਆਂ ਛੁੱਟੀਆਂ ਕਿੱਥੇ ਬਿਤਾ ਰਹੇ ਹਨ।

ਖ਼ਰਾਬ ਮੌਸਮ ਕਾਰਨ ਸੋਨੀਆ ਗਾਂਧੀ ਵੀ ਦਿੱਲੀ ਤੋਂ ਦੂਰ ਹੈ। ਪ੍ਰਿਯੰਕਾ ਗਾਂਧੀ ਆਪਣੇ ਪਰਿਵਾਰ ਨਾਲ ਕੁਝ ਦਿਨ ਪਹਿਲਾਂ ਤਕ ਸ਼ਿਮਲਾ ’ਚ ਸੀ।

ਦਿੱਲੀ ਚੋਣਾਂ ਦੇ ਮੰਗਲਵਾਰ ਹੋਏ ਐਲਾਨ ਨਾਲ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਗਾਂਧੀ ਪਰਿਵਾਰ ਫਰੰਟ ਫੁੱਟ ’ਤੇ ਖੇਡੇਗਾ ਪਰ ਸ਼ਾਇਦ ਇਹ ਕੁਝ ਦਿਨਾਂ ਬਾਅਦ ਸੰਭਵ ਹੋ ਸਕਦਾ ਹੈ।

ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਸਿਸਟਮ ਵਿਚਲੇ ਆਪਣੇ ਇਕ ਕਰੀਬੀ ਰਾਹੀਂ ਦੇਸ਼ ਤੇ ਪਾਰਟੀ ਵਿਚ ਵਾਪਰ ਰਹੀਆਂ ਘਟਨਾਵਾਂ 'ਤੇ ਨਜ਼ਰ ਰੱਖ ਰਹੇ ਹਨ। ਰਾਹੁਲ ਗਾਂਧੀ ਨੇ ਵਿਦੇਸ਼ਾਂ ਤੋਂ ਸੋਨੀਆ ਗਾਂਧੀ, ਪਰਿਵਾਰਕ ਮੈਂਬਰਾਂ ਤੇ ਪਾਰਟੀ ਦੇ ਹੋਰ ਪ੍ਰਮੁੱਖ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ।

ਇਸ ਗੱਲ ਦਾ ਸੰਕੇਤ ਉਦੋਂ ਮਿਲਿਆ ਜਦੋਂ ਕਾਂਗਰਸ ਹਾਈ ਕਮਾਂਡ ਨੇ ਦਖਲ ਦੇ ਕੇ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਪਾਰਟੀ ਦੇ ਕੌਮੀ ਖਜ਼ਾਨਚੀ ਅਜੇ ਮਾਕਨ ਨੂੰ ਪ੍ਰੈੱਸ ਕਾਨਫਰੰਸ ਕਰਨ ਤੋਂ ਰੋਕ ਦਿੱਤਾ।

ਮਾਕਨ ਰਾਹੁਲ ਗਾਂਧੀ ਤੋਂ ਇਲਾਵਾ ਕਿਸੇ ਦੀ ਗੱਲ ਨਹੀਂ ਸੁਣਦੇ। ਇਸ ਲਈ ਰਾਹੁਲ ਗਾਂਧੀ ਨੂੰ ਇਕ ਸੁਨੇਹਾ ਭੇਜਿਆ ਗਿਆ ਤੇ ਉਨ੍ਹਾਂ ਮਾਕਨ ਨੂੰ ਪ੍ਰੈਸ ਕਾਨਫਰੰਸ ਨਾ ਕਰਨ ਲਈ ਕਿਹਾ। ਮਾਕਨ ਵੱਲੋਂ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 'ਰਾਸ਼ਟਰ ਵਿਰੋਧੀ' ਕਹੇ ਜਾਣ ਦੀ ਉਮੀਦ ਸੀ।

ਮਾਕਨ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਾ ਸੀ। ਮਾਕਨ ਨੇ ਸ਼ਨੀਵਾਰ ਕਿਹਾ ਸੀ ਕਿ ਉਹ ਵਿਸਥਾਰ ਨਾਲ ਦੱਸਣਗੇ ਕਿ ਉਨ੍ਹਾਂ ਪਿਛਲੇ ਮਹੀਨੇ ਕੇਜਰੀਵਾਲ ਨੂੰ ‘ਗੱਦਾਰ ਅਤੇ ਦੇਸ਼ ਵਿਰੋਧੀ’ ਕਿਉਂ ਕਿਹਾ ਸੀ। ਪ੍ਰੈੱਸ ਕਾਨਫਰੰਸ ਨੂੰ ਰੱਦ ਕਰ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ ਨਵੀਂ ਤਰੀਕ ਦਾ ਐਲਾਨ ਵੀ ਨਹੀਂ ਕੀਤਾ ਗਿਆ।


author

Rakesh

Content Editor

Related News