ਖੜਗੇ ਨਹੀਂ, ਰਾਹੁਲ ਗਾਂਧੀ ਕਾਂਗਰਸ ਦੇ ‘ਕੈਪਟਨ’ : ਆਜ਼ਾਦ
Thursday, Apr 06, 2023 - 11:34 AM (IST)

ਨਵੀਂ ਦਿੱਲੀ, (ਭਾਸ਼ਾ)- ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਦਾ ਮੰਨਣਾ ਹੈ ਕਿ ਕਾਂਗਰਸ ਨੂੰ ਅਜੇ ਵੀ ‘ਰਿਮੋਟ ਕੰਟਰੋਲ’ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਗੈਰ ਤਜਰਬੇਕਾਰ ਚਾਪਲੂਸਾਂ ਦੀ ਨਵੀਂ ਟੋਲੀ’ ਪਾਰਟੀ ਦੇ ਕੰਮ ਸੰਭਾਲ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਕਾਂਗਰਸ ਦੇ ‘ਕੈਪਟਨ’ ਹਨ, ਖੜਗੇ ਨਹੀਂ।
ਆਪਣੀ ਕਿਤਾਬ ‘ਆਜ਼ਾਦ-ਐਨ ਆਟੋਬਾਇਓਗ੍ਰਾਫੀ’ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਸਾਬਕਾ ਕਾਂਗਰਸੀ ਆਗੂ ਨੇ ਆਪਣੇ ਸਾਬਕਾ ਸਾਥੀਆਂ ਨਾਲ ਰਹੀਆਂ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਆਜ਼ਾਦ ਨੇ ਕਿਹਾ ਕਿ ਉਹ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਸੰਜੇ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਮੰਨਿਆ ਕਿ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਸਿਆਸੀ ਮਤਭੇਦ ਹਨ।
ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀ. ਪੀ. ਏ. ਪੀ.) ਦੇ ਮੁਖੀ ਆਜ਼ਾਦ ਨੇ ਕਿਹਾ ਕਿ ਇੱਕ ਵਿਅਕਤੀ ਵਜੋਂ ਮੈਂ ਇਹ ਨਹੀਂ ਕਹਿ ਰਿਹਾ ਕਿ ਰਾਹੁਲ ਗਾਂਧੀ ਇੱਕ ਬੁਰੇ ਵਿਅਕਤੀ ਹਨ। ਉਹ ਇੱਕ ਵਿਅਕਤੀ ਵਜੋਂ ਚੰਗੇ ਵਿਅਕਤੀ ਹਨ। ਸਾਡੇ ਦਰਮਿਆਨ ਕੁਝ ਸਿਆਸੀ ਮੱਤਭੇਦ ਹੋ ਸਕਦੇ ਹਨ ਪਰ ਇਹ ਉਹ ਸਿਆਸੀ ਮੁੱਦੇ ਹਨ, ਜੋ ਉਦੋਂ ਦੇ ਹਨ ਜਦੋਂ ਮੈਂ ਉਨ੍ਹਾਂ ਨਾਲ ਕਾਂਗਰਸ ਵਿੱਚ ਸੀ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕੋਲ ਭਾਵੇਂ ਹੁਣ ਕੋਈ ਅਹੁਦਾ ਨਹੀਂ ਪਰ ਹਰ ਕੋਈ ਜਾਣਦਾ ਹੈ ਕਿ ਉਹ ਜਹਾਜ਼ (ਕਾਂਗਰਸ) ਦੇ ਕੈਪਟਨ ਹਨ। ਹਰ ਕੋਈ ਜਾਣਦਾ ਹੈ ਕਿ ਪਾਰਟੀ ਵਿੱਚ ਫੈਸਲੇ ਕੌਣ ਲੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇ ਕੱਲ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਕਾਂਗਰਸ ਵਰਕਿੰਗ ਕਮੇਟੀ) ਦੀ ਮੀਟਿੰਗ ਬੇਂਗਲੁਰੂ ’ਚ ਕਰਨੀ ਚਾਹੁੰਣ ਤਾਂ ਕੋਈ ਨਹੀਂ ਜਾਵੇਗਾ। ਇਸ ਲਈ ਮੈਂ ਇਹੀ ਕਾਮਨਾ ਕਰਾਂਗਾ ਕਿ ਰਾਹੁਲ ਗਾਂਧੀ ਜਹਾਜ਼ (ਪਾਰਟੀ) ਨੂੰ ਚਲਾਉਣ।