54 ਸਾਲ ਦੇ ਹੋਏ ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਖੜਗੇ ਸਮੇਤ ਕਈ ਦਿੱਗਜ ਨੇਤਾਵਾਂ ਨੇ ਦਿੱਤੀ ਵਧਾਈ
Wednesday, Jun 19, 2024 - 04:28 PM (IST)

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਅਤੇ ਵਿਰੋਧੀ ਗਠਜੋੜ 'ਇੰਡੀਆ' ਦੇ ਕੁਝ ਨੇਤਾਵਾਂ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ। ਕਾਂਗਰਸ ਨੇਤਾਵਾਂ ਨੇ ਰਾਹੁਲ ਗਾਂਧੀ ਨੂੰ ਕਮਜ਼ੋਰਾਂ ਦੀ ਆਵਾਜ਼, ਸੰਵਿਧਾਨ ਪ੍ਰਤੀ ਅਟੁੱਟ ਆਸਥਾ ਰੱਖਣ ਵਾਲਾ ਅਤੇ ਸੱਤਾ ਨੂੰ ਸੱਚ ਦਾ ਸ਼ੀਸ਼ਾ ਵਿਖਾਉਣ ਵਾਲਾ ਦੱਸਿਆ। ਰਾਹੁਲ ਦਾ ਜਨਮ 19 ਜੂਨ, 1970 ਨੂੰ ਨਵੀਂ ਦਿੱਲੀ ਵਿਚ ਹੋਇਆ ਸੀ। ਉਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਪੁੱਤਰ ਹਨ। ਮੌਜੂਦਾ ਸਮੇਂ ਵਿਚ ਉਹ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਲੋਕ ਸਭਾ ਮੈਂਬਰ ਹਨ। ਇਸ ਤੋਂ ਪਹਿਲਾਂ ਉਹ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਸਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਹੈੱਡਕੁਆਟਰ ਵਿਚ ਖੜਗੇ ਨਾਲ ਮਿਲ ਕੇ ਆਪਣੇ ਜਨਮ ਦਿਨ ਦਾ ਕੇਕ ਕੱਟਿਆ। ਇਸ ਮੌਕੇ ਪ੍ਰਿਅੰਕਾ ਗਾਂਧੀ ਅਤੇ ਕਈ ਹੋਰ ਨੇਤਾ ਮੌਜੂਦ ਸਨ।
ਖੜਗੇ ਨੇ 'ਐਕਸ' 'ਤੇ ਪੋਸਟ ਕੀਤਾ ਕਿ ਰਾਹੁਲ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਭਾਰਤ ਦੇ ਸੰਵਿਧਾਨ ਵਿਚ ਦਰਜ ਕਦਰਾਂ-ਕੀਮਤਾਂ ਪ੍ਰਤੀ ਤੁਹਾਡੀ ਅਟੁੱਟ ਵਚਨਬੱਧਤਾ ਅਤੇ ਲੱਖਾਂ ਅਣਸੁਣੀਆਂ ਆਵਾਜ਼ਾਂ ਪ੍ਰਤੀ ਤੁਹਾਡੀ ਦ੍ਰਿੜ੍ਹ ਹਮਦਰਦੀ ਉਹ ਗੁਣ ਹਨ ਜੋ ਤੁਹਾਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੇ ਹਨ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਏਕਤਾ, ਸਦਭਾਵਨਾ ਅਤੇ ਹਮਦਰਦੀ ਲਈ ਖੜ੍ਹੀ ਹੈ। ਵਿਭਿੰਨਤਾ ਵਿਚ ਏਕਤਾ, ਸਦਭਾਵਨਾ ਅਤੇ ਦਇਆ ਤੁਹਾਡੇ ਸਾਰੇ ਕੰਮਾਂ 'ਚ ਦਿਖਾਈ ਦਿੰਦੇ ਹਨ। ਮੈਂ ਤੁਹਾਡੀ ਲੰਬੀ, ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ।
ਪਾਰਟੀ ਦੇ ਹੋਰ ਨੇਤਾਵਾਂ ਨੇ ਵੀ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। 'ਇੰਡੀਆ' ਗਠਜੋੜ ਦੇ ਇਕ ਹਿੱਸੇ ਵਾਲੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ 'ਐਕਸ' 'ਤੇ ਪੋਸਟ ਕੀਤਾ ਕਿ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ। DMK ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ ਸਟਾਲਿਨ ਨੇ ਰਾਹੁਲ ਗਾਂਧੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਐਕਸ 'ਤੇ ਪੋਸਟ ਕੀਤਾ ਜਨਮ ਦਿਨ ਮੁਬਾਰਕ, ਪਿਆਰੇ ਭਰਾ ਰਾਹੁਲ ਗਾਂਧੀ। ਦੇਸ਼ ਦੇ ਲੋਕਾਂ ਪ੍ਰਤੀ ਤੁਹਾਡਾ ਸਮਰਪਣ ਤੁਹਾਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ। ਤੁਹਾਡੀ ਨਿਰੰਤਰ ਤਰੱਕੀ ਅਤੇ ਸਫਲਤਾ ਲਈ ਤੁਹਾਨੂੰ ਸ਼ੁਭਕਾਮਨਾਵਾਂ।