ਕਾਂਗਰਸ ਦੇ ਪ੍ਰਧਾਨ ਚੁਣੇ ਗਏ ਰਾਹੁਲ ਗਾਂਧੀ

12/11/2017 3:58:15 PM

ਨਵੀਂ ਦਿੱਲੀ— ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਦਾ ਬਿਨਾਂ ਵਿਰੋਧ ਤਰੀਕੇ ਨਾਲ ਸੋਮਵਾਰ ਨੂੰ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਅਹੁਦੇ ਲਈ ਸਿਰਫ ਰਾਹੁਲ ਨੇ ਹੀ ਨਾਮਜ਼ਦਗੀ ਪੱਤਰ ਭਰਿਆ ਸੀ। ਰਾਹੁਲ ਦੇ ਸਾਰੇ 89 ਨਾਮਜ਼ਦੀ ਪੱਤਰ ਸਹੀ ਪਾਏ ਗਏ। ਰਾਹੁਲ ਦੇ 16 ਦਸੰਬਰ ਨੂੰ ਕਾਂਗਰਸ ਪ੍ਰਧਾਨ ਦੇ ਤੌਰ 'ਤੇ ਅਹੁਦਾ ਸੰਭਾਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਾਰਟੀ 'ਚ ਪੀੜ੍ਹੀਗਤ ਤਬਦੀਲੀ ਵੀ ਹੋ ਗਈ। ਰਾਹੁਲ ਆਪਣੀ ਮਾਂ ਸੋਨੀਆ ਗਾਂਧੀ ਦੀ ਜਗ੍ਹਾ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਸੋਨੀਆ 19 ਸਾਲਾਂ ਤੱਕ ਇਸ ਅਹੁਦੇ 'ਤੇ ਰਹੀ। ਉਹ 1998 'ਚ ਕਾਂਗਰਸ ਦੀ ਚੇਅਰਪਰਸਨ ਬਣੀ ਸੀ। ਇਹ ਤਬਦੀਲੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ 'ਚ ਨਵੇਂ ਯੁਗ ਦਾ ਆਉਣਾ ਮੰਨਿਆ ਜਾ ਰਿਹਾ ਹੈ।
ਕਾਂਗਰਸ ਪਾਰਟੀ ਨੇ ਆਜ਼ਾਦੀ ਦੇ ਬਾਅਦ ਤੋਂ ਅੱਧੀ ਸਦੀ ਤੋਂ ਵਧ ਸਮੇਂ ਤੱਕ ਦੇਸ਼ 'ਤੇ ਸ਼ਾਸਨ ਕੀਤਾ ਹੈ। ਨਹਿਰੂ-ਗਾਂਧੀ ਪਰਿਵਾਰ ਦੇ ਵੰਸ਼ 47 ਸਾਲਾ ਰਾਹੁਲ ਦੇ ਸਾਹਮਣੇ ਪਾਰਟੀ ਦੇ ਗਵਾਚੇ ਹੋਏ ਮਾਣ ਨੂੰ ਵਾਪਸ ਕਰਨ ਦਾ ਕਠਿਨ ਕੰਮ ਹੈ। ਇਕ ਸਮੇਂ ਪੂਰੇ ਦੇਸ਼ 'ਤੇ ਕਾਂਗਰਸ ਦਾ ਕੰਟਰੋਲ ਸੀ ਪਰ ਮੌਜੂਦਾ ਸਮੇਂ 'ਚ ਸਿਰਫ 5 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ 'ਚ ਉਸ ਦੀ ਸਰਕਾਰ ਹੈ। ਰਾਹੁਲ ਗਾਂਧੀ ਦੇ ਪੱਖ 'ਚ 89 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਜਾਂਚ 'ਚ ਸਾਰੇ ਨਾਮਜ਼ਦਗੀ ਪੱਤਰਾਂ ਨੂੰ ਜਾਇਜ਼ ਪਾਇਆ ਗਿਆ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮੁੱਲਾਪੱਲੀ ਰਾਮਚੰਦਰਨ ਨੇ ਦੱਸਿਆ ਕਿ ਰਾਹੁਲ ਗਾਂਧੀ ਨੂੰ ਹਾਲਾਂਕਿ ਪਾਰਟੀ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਪ੍ਰਮਾਣ ਪੱਤਰ 16 ਦਸੰਬਰ ਨੂੰ ਸੋਨੀਆ ਗਾਂਧੀ ਕਾਂਗਰਸ ਦੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਸੌਂਪਿਆ ਜਾਵੇਗਾ।
ਪਾਰਟੀ ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਅਧਿਕਾਰਤ ਤੌਰ 'ਤੇ 132 ਸਾਲ ਪੁਰਾਣੀ ਪਾਰਟੀ ਦੀ ਵਾਗਡੋਰ ਆਪਣੇ ਬੇਟੇ ਨੂੰ 16 ਦਸੰਬਰ ਦੀ ਸਵੇਰ ਕਰੀਬ 11 ਵਜੇ ਸੌਂਪੇਗੀ। ਇਸ ਤੋਂ ਬਾਅਦ ਰਾਹੁਲ ਗਾਂਧੀ ਕਾਂਗਰਸ ਹੈੱਡ ਕੁਆਰਟਰ 'ਚ ਦੇਸ਼ ਭਰ ਦੇ ਨੇਤਾਵਾਂ ਨੂੰ ਮਿਲਣਗੇ। ਕਾਂਗਰਸ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਕ ਦੇ ਇਕ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਉਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ 'ਚ ਜਿੱਤ ਮਿਲੀ ਸੀ। ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣ ਤੋਂ ਠੀਕ 2 ਦਿਨ ਪਹਿਲਾਂ ਨਿਯੁਕਤ ਕੀਤਾ ਜਾਵੇਗਾ। ਰਾਹੁਲ ਨੇ ਗੁਜਰਾਤ 'ਚ ਕਾਂਗਰਸ ਲਈ ਜ਼ੋਰਾਂ ਨਾਲ ਪ੍ਰਚਾਰ ਕੀਤਾ ਹੈ ਅਤੇ ਜੇਕਰ ਉਹ ਚੋਣਾਂ 'ਚ ਜਿੱਤ ਹਾਸਲ ਕਰਦੀ ਹੈ ਤਾਂ ਇਹ ਉਨ੍ਹਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗੀ।


Related News