ਰਾਹੁਲ ਨੇ ਸੰਸਦ ’ਚ ਸਰਕਾਰ ਨੂੰ ਦਿੱਤੀ ਸ਼ਹੀਦ ਕਿਸਾਨਾਂ ਦੀ ਸੂਚੀ, ਕੀਤੀ ਮੁਆਵਜ਼ੇ ਤੇ ਨੌਕਰੀ ਦੀ ਮੰਗ
Tuesday, Dec 07, 2021 - 01:55 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਲੋਕ ਸਭਾ ’ਚ ਚੁੱਕੀ ਅਤੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਕਿਸਾਨ ਪਰਿਵਾਰਾਂ ਨੂੰ ਉਨ੍ਹਾਂ ਦਾ ਅਧਿਕਾਰ ਦੇਣਾ ਚਾਹੀਦਾ। ਰਾਹੁਲ ਨੇ ਸਦਨ ’ਚ ਜ਼ੀਰੋ ਕਾਲ ਦੌਰਾਨ ਇਸ ਵਿਸ਼ੇ ਨੂੰ ਚੁੱਕਿਆ ਅਤੇ ਲੋਕ ਸਭਾ ਦੇ ਮੇਜ ’ਤੇ ਕਰੀਬ 500 ਕਿਸਾਨਾਂ ਦੀ ਇਕ ਸੂਚੀ ਵੀ ਰੱਖੀ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਨੇ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆਈ। ਉਨ੍ਹਾਂ ਕਿਹਾ,‘‘ਪੂਰਾ ਦੇਸ਼ ਜਾਣਦਾ ਹੈ ਕਿ ਕਿਸਾਨ ਅੰਦੋਲਨ ’ਚ ਕਰੀਬ 700 ਕਿਸਾਨ ਸ਼ਹੀਦ ਹੋਏ। ਪ੍ਰਧਾਨ ਮੰਤਰੀ ਜੀ ਨੇ ਦੇਸ਼ ਅਤੇ ਕਿਸਾਨਾਂ ਤੋਂ ਮੁਆਫ਼ੀ ਮੰਗੀ। ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ। 30 ਨਵੰਬਰ ਨੂੰ ਖੇਤੀਬਾੜੀ ਮੰਤਰੀ ਤੋਂ ਸਵਾਲ (ਲੋਕ ਸਭਾ ’ਚ ਲਿਖਤੀ ਪ੍ਰਸ਼ਨ) ਪੁੱਛਿਆ ਗਿਆ ਸੀ ਕਿ ਕਿੰਨੇ ਕਿਸਾਨਾਂ ਦੀ ਮੌਤ ਹੋਈ। ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਕੋਈ ਡਾਟਾ ਨਹੀਂ ਹੈ।’’
ਇਹ ਵੀ ਪੜ੍ਹੋ : ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ
ਕਾਂਗਰਸ ਨੇਤਾ ਨੇ ਕਿਹਾ,‘‘ਅਸੀਂ ਇਨ੍ਹਾਂ ਕਿਸਾਨਾਂ ਬਾਰੇ ਪਤਾ ਲਗਾਇਆ। ਪੰਜਾਬ ਦੀ ਸਰਕਾਰ ਨੇ ਰਾਜ ਦੇ ਕਰੀਬ 400 ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੈ। ਮੈਂ ਇਨ੍ਹਾਂ ਕਿਸਾਨਾਂ ਦੀ ਸੂਚੀ ਅਤੇ ਪ੍ਰਦਰਸ਼ਨ ਦੌਰਾਨ ਜਾਨ ਗੁਆਉਣ ਵਾਲੇ ਹਰਿਆਣਾ ਦੇ ਕੁਝ ਕਿਸਾਨਾਂ ਦੀ ਇਕ ਸੂਚੀ ਸਦਨ ਦੇ ਮੇਜ ’ਤੇ ਰੱਖ ਰਿਹਾ ਹਾਂ।’’ ਰਾਹੁਲ ਨੇ ਕਿਹਾ,‘‘ਇਹ ਨਾਮ ਇੱਥੇ ਹੈ। ਮੈਂ ਚਾਹੁੰਦਾ ਹਾਂ ਕਿ ਇਨ੍ਹਾਂ ਕਿਸਾਨਾਂ ਨੂੰ ਹੱਕ ਮਿਲਣਾ ਚਾਹੀਦਾ। ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ।’’ ਦੱਸਣਯੋਗ ਹੈ ਕਿ ਸਰਕਾਰ ਨੇ 30 ਨਵੰਬਰ ਨੂੰ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਨੇੜੇ-ਤੇੜੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਦੌਰਾਨ ਮ੍ਰਿਤਕ ਕਿਸਾਨਾਂ ਦੀ ਗਿਣਤੀ ਸੰਬੰਧੀ ਅੰਕੜਾ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ ਕੋਲ ਨਹੀਂ ਹੈ। ਲੋਕ ਸਭਾ ’ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਹ ਜਾਣਕਾਰੀ ਦਿੱਤੀ। ਰਾਜੀਵ ਰੰਜਨ ਸਿੰਘ, ਟੀ.ਆਰ. ਪ੍ਰਤਾਪਨ, ਐੱਨ.ਕੇ. ਪ੍ਰੇਮਚੰਦਰਨ, ਏ.ਐੱਮ. ਆਰਿਫ਼, ਡੀਨ ਕੁਰੀਆਕੋਸ, ਪ੍ਰੋ. ਸੌਗਤ ਰਾਏ ਅਤੇ ਅਬਦੁੱਲ ਖਾਲੀਕ ਨੇ ਪੁੱਛਿਆ ਸੀ ਕਿ ਤਿੰਨ ਖੇਤੀ ਕਾਨੂੰਨ ਵਿਰੁੱਧ ਰਾਸ਼ਟਰੀ ਰਾਜਧਾਨੀ ਦੇ ਨੇੜੇ-ਤੇੜੇ ਅੰਦੋਲਨ ਦੌਰਾਨ ਕਿੰਨੇ ਕਿਸਾਨਾਂ ਦੀ ਮੌਤ ਹੋਈ। ਤੋਮਰ ਨੇ ਕਿਹਾ,‘‘ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਕੋਲ ਇਸ ਮਾਮਲੇ ’ਚ ਕੋਈ ਅੰਕੜਾ ਨਹੀਂ ਹੈ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ