ਸੰਵਿਧਾਨ ਨੂੰ ਨਸ਼ਟ ਕਰਨਾ ਚਾਹੁੰਦੇ ਹਨ ਮੋਦੀ : ਰਾਹੁਲ

Saturday, Nov 16, 2024 - 10:29 AM (IST)

ਬੇਰਮੋ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੰਵਿਧਾਨ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਝਾਰਖੰਡ ਦੇ ਬੋਕਾਰੋ ਜ਼ਿਲੇ ਦੇ ਬੇਰਮੋ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਗਰੀਬਾਂ ਲਈ ਨਹੀਂ, ਸਗੋਂ ਅਰਬਪਤੀਆਂ ਦੀ ਭਲਾਈ ਲਈ ਕੰਮ ਕਰਦੇ ਹਨ। ਸੰਵਿਧਾਨ ਦੀ ਇਕ ਕਾਪੀ ਵਿਖਾਉਂਦਿਆਂ ਉਨ੍ਹਾਂ ਕਿਹਾ, ‘‘ਸੰਵਿਧਾਨ ਦੇਸ਼ ਦੀ ਆਤਮਾ ਹੈ। ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਇਹ ਅੰਦਰੋਂ ਖਾਲੀ ਹੈ। ਇਸ ਨੂੰ ਵੇਖੋ, ਇਸ ’ਚ ਲਿਖਿਆ ਹੋਇਆ ਹੈ। ਉਹ ਕਹਿੰਦੇ ਹਨ ਕਿ ਰਾਹੁਲ ਲਾਲ ਕਿਤਾਬ ਵਿਖਾਉਂਦੇ ਹਨ; ਇਸ ਦਾ ਵਿਸ਼ਾ-ਵਸਤੂ ਅਹਿਮ ਹੈ, ਰੰਗ ਨਹੀਂ।’’

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਭਾਜਪਾ ਕਾਂਗਰਸ ਨੇਤਾ ’ਤੇ ਹਾਲ ਹੀ ’ਚ ਮਹਾਰਾਸ਼ਟਰ ’ਚ ਇਕ ਪ੍ਰੋਗਰਾਮ ’ਚ ਖਾਲੀ ਪੰਨਿਆਂ ਵਾਲੀ ਸੰਵਿਧਾਨ ਦੀ ‘ਨਕਲੀ ਕਾਪੀ’ ਵਿਖਾਉਣ ਦਾ ਦੋਸ਼ ਲਾ ਰਹੀ ਹੈ। ਰੈਲੀ ’ਚ ਰਾਹੁਲ ਗਾਂਧੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਸੰਵਿਧਾਨ ਨੂੰ ਨਸ਼ਟ ਕਰਨਾ ਚਾਹੁੰਦੇ ਹਨ ਪਰ ਕੋਈ ਵੀ ਤਾਕਤ ਅਜਿਹਾ ਨਹੀਂ ਕਰ ਸਕਦੀ।’’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਦੇਸ਼ ਦੇ ਅਰਬਪਤੀਆਂ ਦੀ ਭਲਾਈ ਲਈ ਕੰਮ ਕਰਦੇ ਹਨ ਅਤੇ ਸੰਸਥਾਨਾਂ, ਕਾਲਜਾਂ, ਉਦਯੋਗਾਂ, ਹਸਪਤਾਲਾਂ ਅਤੇ ਬੰਦਰਗਾਹਾਂ ਦਾ ਨਿੱਜੀਕਰਨ ਕਰਦੇ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘‘ਉਨ੍ਹਾਂ ਨੇ ਦੇਸ਼ ਦੀ ਜਾਇਦਾਦ 25 ਪੂੰਜੀਪਤੀਆਂ ਨੂੰ ਸੌਂਪ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਉਦਯੋਗਪਤੀਆਂ ਦਾ 16 ਲੱਖ ਕਰੋਡ਼ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਪਰ ਗਰੀਬ ਲੋਕਾਂ, ਕਿਸਾਨਾਂ ਅਤੇ ਦਲਿਤਾਂ ਲਈ ਕੁਝ ਨਹੀਂ ਕੀਤਾ।’’ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੀ. ਐੱਸ. ਟੀ. ਅਤੇ ਨੋਟਬੰਦੀ ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ਬੇਰੋਜ਼ਗਾਰ ਕਰ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਜਾਤੀ ਮਰਦਮਸ਼ੁਮਾਰੀ ਕਰਾਏਗੀ ਅਤੇ ਰਾਖਵਾਂਕਰਨ ’ਤੇ 50 ਫ਼ੀਸਦੀ ਦੀ ਹੱਦ ਹਟਾਏਗੀ। ਉਨ੍ਹਾਂ ਦਾਅਵਾ ਕੀਤਾ, ‘‘ਜੇ ਅਸੀਂ ਝਾਰਖੰਡ ’ਚ ਸੱਤਾ ’ਚ ਆਉਂਦੇ ਹਾਂ ਤਾਂ ਅਸੀਂ ਐੱਸ. ਟੀ. ਦਾ ਰਾਖਵਾਂਕਰਨ ਮੌਜੂਦਾ 26 ਫ਼ੀਸਦੀ ਤੋਂ ਵਧਾ ਕੇ 28 ਫ਼ੀਸਦੀ, ਐੱਸ. ਸੀ. ਦਾ ਰਾਖਵਾਂਕਰਨ ਮੌਜੂਦਾ 10 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਅਤੇ ਓ. ਬੀ. ਸੀ. ਦਾ ਰਾਖਵਾਂਕਰਨ ਮੌਜੂਦਾ 14 ਫ਼ੀਸਦੀ ਤੋਂ ਵਧਾ ਕੇ 27 ਫ਼ੀਸਦੀ ਕਰਾਂਗੇ।’’

ਇਸ ਦਰਮਿਆਨ ਰਾਹੁਲ ਗਾਂਧੀ ਨੇ ਬਾਜ਼ਾਰ ਰੈਗੂਲੇਟਰ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ’ਤੇ ਹਮਲਾ ਤੇਜ਼ ਕਰਦਿਆਂ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ‘ਕਾਰਪੋਰੇਟ ਦਿੱਗਜਾਂ ਦਾ ਗਿਰੋਹ’ ਭਾਰਤ ਦੇ ਆਰਥਿਕ ਢਾਂਚੇ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ’ਤੇ ਦੇਸ਼ ਦੇ ਹਿੱਤਾਂ ਦੀ ਰੱਖਿਆ ਦਾ ਜ਼ਿੰਮਾ ਹੈ ਉਹ ਹੀ ਇਸ ’ਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਰਾਹੁਲ ਨੇ ਕਿਹਾ ਕਿ ‘ਮਾਧਬੀ ਬੁਚ ਘਪਲਾ’ ਸਿਰਫ ਅੰਦਰੂਨੀ ਕਾਰੋਬਾਰ ਨਹੀਂ ਹੈ, ਸਗੋਂ ਇਹ ਹਿੱਤਾਂ ਦੇ ਸਿੱਧੇ ਟਕਰਾਅ ਦਾ ਮਾਮਲਾ ਹੈ, ਜਿੱਥੇ ਸ਼ਕਤੀਸ਼ਾਲੀ ਰੈਗੂਲੇਟਰ ਦਾ ਉਨ੍ਹਾਂ ਕੰਪਨੀਆਂ ਨਾਲ ਸਬੰਧ ਹੈ, ਜਿਨ੍ਹਾਂ ’ਤੇ ਨਿਗਰਾਨੀ ਦੀ ਜ਼ਿੰਮੇਵਾਰੀ ਉਨ੍ਹਾਂ (ਰੈਗੂਲੇਟਰਾਂ) ਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News