ਸਾਡੇ ਕੋਲ ਸਬੂਤ ਹਨ ਕਿ ਚੋਣ ਕਮਿਸ਼ਨ ''ਵੋਟ ਚੋਰੀ'' ''ਚ ਸ਼ਾਮਲ ਹੈ : ਰਾਹੁਲ ਗਾਂਧੀ
Friday, Aug 01, 2025 - 01:36 PM (IST)

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਚੋਣ ਕਮਿਸ਼ਨ 'ਵੋਟ ਚੋਰੀ' 'ਚ ਸ਼ਾਮਲ ਹੈ ਅਤੇ ਇਹ ਸਭ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਜੋ ਸਬੂਤ ਹਨ ਉਹ 'ਐਟਮ ਬੰਬ' ਵਾਂਗ ਹਨ, ਜਿਸ ਦੇ ਫਟਣ ਤੋਂ ਬਾਅਦ ਕਮਿਸ਼ਨ ਨੂੰ ਲੁਕਣ ਲਈ ਕੋਈ ਜ ਗ੍ਹਾ ਨਹੀਂ ਮਿਲੇਗੀ। ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ, "ਮੈਂ ਬੋਲਿਆ ਹੈ ਕਿ ਵੋਟ ਚੋਰੀ ਹੋ ਰਹੀ ਹੈ। ਹੁਣ ਸਾਡੇ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਚੋਣ ਕਮਿਸ਼ਨ ਵੋਟ ਚੋਰੀ 'ਚ ਸ਼ਾਮਲ ਹੈ। ਮੈਂ ਹਲਕੇ 'ਚ ਨਹੀਂ ਬੋਲ ਰਿਹਾ, ਮੈਂ 100 ਫੀਸਦੀ ਸਬੂਤ ਨਾਲ ਬੋਲ ਰਿਹਾ ਹਾਂ।"
ਉਨ੍ਹਾਂ ਦਾਅਵਾ ਕੀਤਾ,"ਜਿਵੇਂ ਹੀ ਅਸੀਂ ਇਹ ਜਾਰੀ ਕਰਾਂਗੇ, ਪੂਰੇ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਕਮਿਸ਼ਨ ਵੋਟਾਂ ਚੋਰੀ ਕਰ ਰਿਹਾ ਹੈ ਅਤੇ ਇਹ ਭਾਜਪਾ ਲਈ ਕਰ ਰਿਹਾ ਹੈ।" ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ,"ਸਾਨੂੰ ਮੱਧ ਪ੍ਰਦੇਸ਼ (ਵਿਧਾਨ ਸਭਾ ਚੋਣਾਂ) 'ਚ ਸ਼ੱਕ ਸੀ, ਲੋਕ ਸਭਾ ਚੋਣਾਂ 'ਚ ਸ਼ੱਕ ਸੀ, ਬਾਅਦ ਦੀਆਂ ਵਿਧਾਨ ਸਭਾ ਚੋਣਾਂ 'ਚ ਵੋਟਰ ਜੋੜੇ ਗਏ... ਇਸ ਤੋਂ ਬਾਅਦ ਅਸੀਂ ਆਪਣੀ ਜਾਂਚ ਸ਼ੁਰੂ ਕੀਤੀ। ਇਸ 'ਚ ਛੇ ਮਹੀਨੇ ਲੱਗ ਗਏ। ਸਾਡੇ ਕੋਲ ਜੋ ਹੈ ਉਹ ਇਕ ਐਟਮ ਬੰਬ ਹੈ, ਜਦੋਂ ਇਹ ਫਟੇਗਾ ਤਾਂ ਤੁਹਾਨੂੰ ਚੋਣ ਕਮਿਸ਼ਨ ਕਿਤੇ ਵੀ ਦਿਖਾਈ ਨਹੀਂ ਦੇਵੇਗਾ।"
ਰਾਹੁਲ ਗਾਂਧੀ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ, "ਮੈਂ ਬਹੁਤ ਗੰਭੀਰਤਾ ਨਾਲ ਕਹਿ ਰਿਹਾ ਹਾਂ ਕਿ ਜੋ ਵੀ ਚੋਣ ਕਮਿਸ਼ਨ 'ਚ ਇਹ ਕੰਮ ਕਰ ਰਹੇ ਹਨ, ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ। ਤੁਸੀਂ ਭਾਰਤ ਵਿਰੁੱਧ ਕੰਮ ਕਰ ਰਹੇ ਹੋ, ਇਹ ਦੇਸ਼ਧ੍ਰੋਹ ਹੈ। ਭਾਵੇਂ ਤੁਸੀਂ ਸੇਵਾਮੁਕਤ ਹੋ ਜਾਂ ਤੁਸੀਂ ਜਿੱਥੇ ਵੀ ਹੋ, ਅਸੀਂ ਤੁਹਾਨੂੰ ਲੱਭ ਲਵਾਂਗੇ।" ਕਾਂਗਰਸ ਦੇ ਸਾਬਕਾ ਪ੍ਰਧਾਨ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਨੇ ਕਰਨਾਟਕ ਦੇ ਇਕ ਲੋਕ ਸਭਾ ਹਲਕੇ 'ਚ ਵੋਟਰ ਸੂਚੀ ਦੀ ਜਾਂਚ ਕੀਤੀ ਹੈ ਜਿਸ 'ਚ ਵੱਡੇ ਪੱਧਰ 'ਤੇ ਬੇਨਿਯਮੀਆਂ ਪਾਈਆਂ ਗਈਆਂ ਹਨ ਅਤੇ ਇਸ ਦੇ ਵੇਰਵੇ ਜਲਦੀ ਹੀ ਜਨਤਕ ਕੀਤੇ ਜਾਣਗੇ। 24 ਜੁਲਾਈ ਨੂੰ ਚੋਣ ਕਮਿਸ਼ਨ (EC) ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇਸ ਦਾਅਵੇ 'ਤੇ ਸਖ਼ਤ ਇਤਰਾਜ਼ ਜਤਾਇਆ ਸੀ। ਕਮਿਸ਼ਨ ਨੇ ਕਿਹਾ ਸੀ ਕਿ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਨਾ ਸਿਰਫ਼ "ਬੇਬੁਨਿਆਦ ਦੋਸ਼" ਲਗਾਏ, ਸਗੋਂ ਇਕ ਸੰਵਿਧਾਨਕ ਸੰਸਥਾ ਨੂੰ "ਡਰਾਉਣ" ਦੀ ਕੋਸ਼ਿਸ਼ ਵੀ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8