ਭਾਜਪਾ ਵਾਂਗ ਨਹੀਂ ਹੈ ਕਾਂਗਰਸ, ਅਸਾਮ ’ਚ ਸੱਤਾ ’ਚ ਆਉਣ ’ਤੇ ਵਾਅਦੇ ਪੂਰੇ ਕਰਾਂਗੇ: ਰਾਹੁਲ

Wednesday, Mar 31, 2021 - 01:43 PM (IST)

ਭਾਜਪਾ ਵਾਂਗ ਨਹੀਂ ਹੈ ਕਾਂਗਰਸ, ਅਸਾਮ ’ਚ ਸੱਤਾ ’ਚ ਆਉਣ ’ਤੇ ਵਾਅਦੇ ਪੂਰੇ ਕਰਾਂਗੇ: ਰਾਹੁਲ

ਗੁਹਾਟੀ (ਭਾਸ਼ਾ)— ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਯਾਨੀ ਕਿ ਅੱਜ ਗੁਹਾਟੀ ਵਿਚ ਪ੍ਰਸਿੱਧ ਕਾਮਾਖਯਾ ਮੰਦਰ ਗਏ ਅਤੇ ਉੱਥੇ ਪੂਜਾ ਕੀਤੀ। ਮੰਦਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਵਰਗੀ ਨਹੀਂ ਹੈ, ਕਾਂਗਰਸ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਂਦੀ ਹੈ। ਇਹ ਪੁੱਛੇ ਜਾਣ ’ਤੇ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਚੋਣਾਂ ਜਿੱਤਦੀ ਹੈ ਤਾਂ ਉਹ ਕੀ ਕਰੇਗੀ, ਇਸ ਦਾ ਉਨ੍ਹਾਂ ਜਵਾਬ ਦਿੱਤਾ ਕਿ ਅਸੀਂ 5 ਚੀਜ਼ਾਂ ਦੀ ਗਰੰਟੀ ਦਿੱਤੀ ਹੈ। ਕਾਂਗਰਸ ਇਨ੍ਹਾਂ 5 ਵਾਅਦਿਆਂ ਨੂੰ ਕਿਵੇਂ ਪੂਰਾ ਕਰੇਗੀ? ਇਹ ਪੁੱਛਣ ’ਤੇ ਰਾਹੁਲ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਵਾਅਦੇ ਦਾ ਮਤਲਬ ਕੀ ਹੁੰਦਾ ਹੈ? ਅਸੀਂ ਭਾਜਪਾ ਵਾਂਗ ਨਹੀਂ ਹਾਂ, ਅਸੀਂ ਜੋ ਵਾਅਦੇ ਕਰਦੇ ਹਾਂ ਉਸ ਨੂੰ ਪੂਰਾ ਵੀ ਕਰਦੇ ਹਾਂ। 

ਰਾਹੁਲ ਨੇ ਅੱਗੇ ਕਿਹਾ ਕਿ ਪੰਜਾਬ, ਛੱਤੀਸਗੜ੍ਹ ਅਤੇ ਕਰਨਾਟਕ ਵਿਚ ਉਨ੍ਹਾਂ ਦੀ ਪਾਰਟੀ ਨੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਅਤੇ ਸੱਤਾ ’ਚ ਆਉਣ ਮਗਰੋਂ ਇਸ ਨੂੰ ਪੂਰਾ ਕੀਤਾ। ਉਨ੍ਹਾਂ ਨੇ 5 ਵਾਅਦਿਆਂ ਵਿਚੋਂ ਇਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸਾਮ ਵਿਚ ਅਸੀਂ ਚਾਹ ਬਾਗ ਦੇ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 365 ਰੁਪਏ ਕਰਨ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇ ਵਾਅਦਾ ਕੀਤਾ ਹੈ ਕਿ ਉਹ ਵਿਵਾਦਪੂਰਨ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਅਸਾਮ ਵਿਚ ਲਾਗੂ ਨਹੀਂ ਕਰੇਗੀ। 5 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ। ਸਾਰੇ ਘਰਾਂ ਨੂੰ ਹਰ ਮਹੀਨੇ 200 ਯੂਨਿਟ ਤੱਕ ਮੁਫ਼ਤ ਬਿਜਲੀ ਉਪਲੱਬਧ ਕਰਵਾਏਗੀ। ਹਰੇਕ ਘਰੇਲੂ ਮਹਿਲਾਵਾਂ ਨੂੰ 2,000 ਰੁਪਏ ਦੀ ਮਹੀਨਾ ਮਦਦ ਦੇਵੇਗੀ ਅਤੇ ਨਾਲ ਹੀ ਚਾਹ ਬਾਗ ਮਜ਼ਦੂਰਾਂ ਦੀ ਘੱਟੋ-ਘੱਟ ਤਿਹਾੜੀ ਵਧਾਏਗੀ। ਸੂਬੇ ਵਿਚ ਦੂਜੇ ਪੜਾਅ ਲਈ 39 ਚੋਣ ਖੇਤਰਾਂ ਵਿਚ 1 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਅਤੇ ਆਖਰੀ ਪੜਾਅ ਵਿਚ 40 ਸੀਟਾਂ ’ਤੇ ਵੋਟਿੰਗ ਹੋਵੇਗੀ।


author

Tanu

Content Editor

Related News