ਨਗਾ ਸਮਝੌਤੇ ਦੇ ਬਹਾਨੇ ਰਾਹੁਲ ਦਾ ਮੋਦੀ ''ਤੇ ਤੰਜ਼

Sunday, Feb 04, 2018 - 01:32 PM (IST)

ਨਗਾ ਸਮਝੌਤੇ ਦੇ ਬਹਾਨੇ ਰਾਹੁਲ ਦਾ ਮੋਦੀ ''ਤੇ ਤੰਜ਼

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਗਾ ਸ਼ਾਂਤੀ ਸਮਝੌਤੇ ਦੇ ਬਹਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਨਗਾ ਸਮਝੌਤੇ ਦਾ ਮੁੱਦਾ ਚੁੱਕਦੇ ਹੋਏ ਰਾਹੁਲ ਨੇ ਕਿਹਾ ਕਿ ਮੋਦੀ ਦੇਸ਼ ਦੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ। ਰਾਹੁਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ,''ਅਗਸਤ 2015 'ਚ ਮਿਸਟਰ ਮੋਦੀ ਨੇ ਨਗਾ ਸਮਝੌਤੇ 'ਤੇ ਦਸਤਖ਼ਤ ਕਰ ਕੇ ਇਤਿਹਾਸ ਰਚਣ ਦਾ ਦਾਅਵਾ ਕੀਤਾ ਸੀ। ਫਰਵਰੀ 2018 'ਚ ਵੀ ਨਗਾ ਸਮਝੌਤਾ ਜ਼ਮੀਨ 'ਤੇ ਕਿਤੇ ਨਹੀਂ ਦਿੱਸ ਰਿਹਾ। ਮੋਦੀ ਜੀ ਪਹਿਲੇ ਅਜਿਹੇ ਭਾਰਤੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੀਆਂ ਗੱਲਾਂ ਦਾ ਕੋਈ ਅਰਥ ਨਹੀਂ ਹੁੰਦਾ।''
ਜ਼ਿਕਰਯੋਗ ਹੈ ਕਿ ਅਗਸਤ 2015 'ਚ ਕੇਂਦਰ ਸਰਕਾਰ ਨੇ ਨਗਾ ਵੱਖਵਾਦੀ ਸੰਗਠਨ ਨੈਸ਼ਨਲ ਸੋਸ਼ਲਿਸਟ ਕਾਊਂਸਿਲ ਆਫ ਨਗਾਲੈਂਡ (ਇਸਾਕ ਮੁਈਵਾ) ਯਾਨੀ ਐੱਨ.ਐੱਸ.ਸੀ.ਐੱਨ. (ਆਈ.ਐੱਮ.) ਨਾਲ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤਾ ਸੀ। ਸਮਝੌਤੇ 'ਤੇ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਨਵੀਂ ਦਿੱਲੀ 'ਚ ਦਸਤਖ਼ਤ ਹੋਏ ਸਨ। ਐੱਨ.ਐੱਸ.ਸੀ.ਐੱਨ. (ਆਈ.ਐੱਮ.) ਦੇ ਨੇਤਾ ਟੀ. ਮੁਈਵਾ ਨੇ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਬਾਅਦ ਕਿਹਾ ਸੀ ਕਿ ਹੁਣ ਰਿਸ਼ਤਿਆਂ ਦਾ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਖੁਦ ਮੋਦੀ ਨੇ ਵੀ ਇਸ ਸਮਝੌਤੇ ਨੂੰ ਇਤਿਹਾਸਕ ਪਲ ਦੱਸਿਆ ਸੀ। ਨਗਾਲੈਂਡ 'ਚ 27 ਫਰਵਰੀ ਨੂੰ ਚੋਣਾਂ ਹੋਣੀਆਂ ਹਨ ਪਰ ਐੱਨ.ਐੱਨ.ਪੀ.ਜੀ. (ਨਗਾ ਨੈਸ਼ਨਲ ਪਾਲਿਟੀਕਲ ਗਰੁੱਪ) ਵਰਗੇ ਉੱਥੋਂ ਦੇ ਨਾਗਰਿਕ ਸੰਗਠਨਾਂ ਨੇ ਚੋਣਾਂ ਦੇ ਬਾਈਕਾਟ ਦੀ ਅਪੀਲ ਕੀਤੀ ਹੈ। ਨਾਗਰਿਕ ਸੰਗਠਨਾਂ ਦੀ ਮੰਗ ਹੈ ਕਿ ਪਹਿਲਾਂ ਨਗਾ ਮੁੱਦੇ ਦਾ ਹੱਲ ਹੋਵੇ। ਨਗਾਲੈਂਡ ਚੋਣਾਂ ਲਈ ਨਾਮਜ਼ਦਗੀ ਪੱਤਰ ਪ੍ਰਕਿਰਿਆ ਸ਼ੁਰੂ ਚੁਕੀ ਹੈ ਪਰ ਐੱਨ.ਐੱਨ.ਪੀ.ਜੀ. ਦੇ ਡਰ ਕਾਰਨ ਉਮੀਦਵਾਰ ਪਰਚਾ ਭਰਨ ਤੋਂ ਘਬਰਾ ਰਹੇ ਹਨ। ਨਾਮਜ਼ਦਗੀ ਪੱਤਰ ਪ੍ਰਕਿਰਿਆ ਸ਼ੁਰੂ ਹੋਣ ਦੇ 2 ਦਿਨ ਬਾਅਦ ਤੱਕ ਕਿਸੇ ਉਮੀਦਵਾਰ ਨੇ ਪਰਚਾ ਨਹੀਂ ਭਰਿਆ ਸੀ। ਕੇਂਦਰ ਸਰਕਾਰ ਨੇ ਵਿਧਾਨ ਸਭਾ ਚੋਣਾਂ ਲਈ ਨੀਮ ਫੌਜੀ ਫੋਰਸਾਂ ਦੀਆਂ 270 ਕੰਪਨੀਆਂ ਨੂੰ ਤਾਇਨਾਤ ਕੀਤਾ ਹੈ।


Related News