''ਮੋਦੀ ਸਰਨੇਮ'' ਮਾਮਲਾ: ਸਜ਼ਾ ਖ਼ਿਲਾਫ਼ ਅੱਜ ਸੂਰਤ ਦੀ ਅਦਾਲਤ ''ਚ ਅਪੀਲ ਕਰਨਗੇ ਰਾਹੁਲ ਗਾਂਧੀ
Monday, Apr 03, 2023 - 11:24 AM (IST)
ਸੂਰਤ- ਕਾਂਗਰਸ ਆਗੂ ਰਾਹੁਲ ਗਾਂਧੀ 2019 ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਆਪਣੀ ਦੋਸ਼ ਸਿੱਧੀ ਖ਼ਿਲਾਫ਼ ਅਪੀਲ ਦਾਇਰ ਕਰਨ ਲਈ ਸੋਮਵਾਰ ਨੂੰ ਸੂਰਤ ਦੀ ਇਕ ਅਦਾਲਤ 'ਚ ਮੌਜੂਦ ਰਹਿਣਗੇ। ਰਾਹੁਲ ਦੇ ਵਕੀਲਾਂ ਨੇ ਕਿਹਾ ਕਿ ਮਾਮਲੇ ਦੀ ਸੋਮਵਾਰ ਨੂੰ ਹੀ ਸੈਸ਼ਨ ਕੋਰਟ 'ਚ ਸੁਣਵਾਈ ਦੀ ਖ਼ਾਤਰ ਲਿਆ ਜਾ ਸਕਦਾ ਹੈ। ਕਾਂਗਰਸ ਨੇਤਾ ਸੈਸ਼ਨ ਕੋਰਟ ਤੋਂ ਆਪਣੀ ਸਜ਼ਾ ਮੁਲਤਵੀ ਕਰਨ ਦੀ ਅਪੀਲ ਕਰਨਗੇ। ਪਾਰਟੀ ਸੂਤਰਾਂ ਮੂਤਾਬਕ ਰਾਹੁਲ ਦੁਪਹਿਰ ਕਰੀਬ 2 ਵਜੇ ਸੂਰਤ ਪਹੁੰਚਣਗੇ। ਰਾਹੁਲ ਨਾਲ ਅਦਾਲਤ ਜਾਣ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਵੀ ਸ਼ਹਿਰ ਵਿਚ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਅਸਾਮ ਵਾਸੀਆਂ ਨੂੰ CM ਮਾਨ ਬੋਲੇ- ਬਦਲਾਅ ਲਿਆਉਣਾ ਹੈ ਤਾਂ 'ਬਟਨ' ਬਦਲ ਲਓ
23 ਮਾਰਚ ਨੂੰ ਰਾਹੁਲ ਨੂੰ ਸੁਣਾਈ ਗਈ ਸੀ 2 ਸਾਲ ਦੀ ਸਜ਼ਾ
ਦੱਸਣਯੋਗ ਹੈ ਕਿ ਸੂਰਤ ਵਿਚ ਮੁੱਖ ਨਿਆਇਕ ਮੈਜਿਸਟ੍ਰੇਟ ਐੱਚ. ਐੱਚ. ਵਰਮਾ ਦੀ ਅਦਾਲਤ ਨੇ 'ਮੋਦੀ ਸਰਨੇਮ' ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਕੀਤੀ ਗਈ ਟਿੱਪਣੀ ਦੇ ਸਬੰਧ ਵਿਚ ਦਾਇਰ ਅਪਰਾਧਿਕ ਮਾਣਹਾਨੀ ਦੇ ਮੁਕੱਦਮੇ ਵਿਚ ਉਨ੍ਹਾਂ ਨੂੰ 23 ਮਾਰਚ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ 52 ਸਾਲਾ ਰਾਹੁਲ ਗਾਂਧੀ ਨੂੰ ਆਈ. ਪੀ. ਸੀ. ਦੀ ਧਾਰਾ-499 (ਮਾਣਹਾਨੀ) ਅਤੇ ਧਾਰਾ-500 ਤਹਿਤ ਦੋਸ਼ੀ ਠਹਿਰਾਇਆ ਸੀ।
ਇਹ ਵੀ ਪੜ੍ਹੋ- ਰਾਹੁਲ ਨੇ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਦਿੱਤਾ ਜਵਾਬ, ਕਿਹਾ- ਆਪਣੇ ਅਧਿਕਾਰਾਂ ਤੋਂ ਵਾਕਿਫ਼ ਹਾਂ
ਹਾਲਾਂਕਿ ਅਦਾਲਤ ਨੇ ਰਾਹੁਲ ਨੂੰ ਉਸੇ ਦਿਨ ਜ਼ਮਾਨਤ ਵੀ ਦੇ ਦਿੱਤੀ ਸੀ ਅਤੇ ਉਨ੍ਹਾਂ ਦੀ ਸਜ਼ਾ ਦੇ ਅਮਲ 'ਤੇ 30 ਦਿਨ ਲਈ ਰੋਕ ਲਾ ਦਿੱਤੀ, ਤਾਂ ਕਿ ਉਹ ਉੱਪਰੀ ਅਦਾਲਤ ਵਿਚ ਅਪੀਲ ਦਾਇਰ ਕਰ ਸਕਣ। ਸੂਰਤ ਦੀ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਮਗਰੋਂ ਲੋਕ ਸਭਾ ਸਕੱਤਰੇਤ ਨੇ 24 ਮਾਰਚ ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਰਾਹੁਲ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਐਲਾਨ ਕਰ ਦਿੱਤਾ ਸੀ। ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਰਾਹੁਲ 8 ਸਾਲ ਤੱਕ ਚੋਣ ਨਹੀਂ ਲੜ ਸਕਣਗੇ। ਬੇਸ਼ਰਤੇ ਕੋਈ ਉੱਚ ਅਦਾਲਤ ਉਨ੍ਹਾਂ ਦੀ ਦੋਸ਼ ਸਿੱਧੀ ਅਤੇ ਸਜ਼ਾ 'ਤੇ ਰੋਕ ਨਾ ਲਾ ਦੇਵੇ।
ਇਹ ਵੀ ਪੜ੍ਹੋ- ਰਾਹੁਲ ਇਕੱਲੇ ਨਹੀਂ, ਮਾਂ ਸੋਨੀਆ ਅਤੇ ਦਾਦੀ ਇੰਦਰਾ ਗਾਂਧੀ ਦੀ ਵੀ ਗਈ ਸੀ ਮੈਂਬਰਸ਼ਿਪ
2019 'ਚ 'ਮੋਦੀ ਸਰਨੇਮ' ਨੂੰ ਲੈ ਕੇ ਰਾਹੁਲ ਨੇ ਕੀਤੀ ਸੀ ਟਿੱਪਣੀ
ਜ਼ਿਕਰਯੋਗ ਹੈ ਕਿ ਰਾਹੁਲ ਨੇ 13 ਅਪ੍ਰੈਲ 2019 ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਰਨਾਟਕ ਦੇ ਕੋਲਾਰ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ? ਰਾਹੁਲ ਖ਼ਿਲਾਫ਼ ਭਾਜਪਾ ਦੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਣੇਸ਼ ਮੋਦੀ ਨੇ ਉਕਤ ਟਿੱਪਣੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ।