ਰਾਹੁਲ ਤੇ ਪ੍ਰਿਯੰਕਾ ਨੇ ਬਿਨਾਂ ਕਿਸੇ ਨੂੰ ਸੂਚਿਤ ਕੀਤੇ ਪਿਤਾ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
Saturday, May 23, 2020 - 10:21 PM (IST)
ਨਵੀਂ ਦਿੱਲੀ - ਕੋਈ ਵੀ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰੇਗਾ ਪਰ ਅਜਿਹਾ ਹੋਇਆ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਸਵਰਗੀ ਰਾਸ਼ਟਰੀ ਨੇਤਾ ਨੂੰ ਇੰਨੀ ਗੁਪਤ ਰੀਤੀ ਨਾਲ ਚੁੱਪਚਾਪ ਸ਼ਰਧਾਂਜਲੀ ਦਿੱਤੀ ਗਈ ਹੋਵੇ ਪਰ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੇ 21 ਮਈ ਨੂੰ ਇਹੀ ਕੀਤਾ। ਪ੍ਰਿਯੰਕਾ ਆਪਣੀ ਕਾਰ ਵਿਚ ਰਾਹੁਲ ਦੇ ਆਵਾਸ ਪਹੁੰਚੀ ਅਤੇ ਉਥੇ ਦੋਹਾਂ ਭੈਣ-ਭਰਾ ਬਿਨਾਂ ਕਿਸੇ ਕਾਂਗਰਸੀ ਨੇਤਾ ਜਾਂ ਸੁਰੱਖਿਆ ਤਾਮਝਾਮ ਨੂੰ ਸੂਚਿਤ ਕੀਤੇ ਰਾਜਘਾਟ ਦੇ ਨੇੜੇ ਵੀਰ ਭੂਮੀ ਗਏ। ਦੋਵੇਂ ਕਰੀਬ 5 ਮਿੰਟ ਤੱਕ ਰਾਜੀਵ ਗਾਂਧੀ ਦੀ ਸਮਾਧੀ ਕੋਲ ਰਹੇ ਅਤੇ ਫਿਰ ਤੁਗਲਕ ਲੇਨ ਆਵਾਸ 'ਤੇ ਪਰਤ ਆਏ। ਉਸ ਤੋਂ ਬਾਅਦ ਸਾੜੀਆਂ, ਕੱਪੜਿਆਂ ਅਤੇ ਖਾਣ-ਪੀਣ ਦੇ ਪੈਕੇਟਾਂ ਨਾਲ ਭਰੇ 2 ਟਰੱਕ ਰਾਹਤ ਸਮੱਗਰੀ ਆਲੇ-ਦੁਆਲੇ ਦੀਆਂ ਝੁੱਗੀ-ਝੋਪੜੀਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਵੰਡੇ ਗਏ। ਸਿਹਤ ਠੀਕ ਨਾ ਹੋਣ ਕਾਰਨ ਸੋਨੀਆ ਗਾਂਧੀ ਆਪਣੇ ਬੱਚਿਆਂ ਦੇ ਨਾਲ ਨਾ ਜਾ ਸਕੀ। ਇਹ ਪਹਿਲੀ ਵਾਰ ਹੈ ਕਿ ਉਹ 29 ਸਾਲ ਪਹਿਲਾਂ 1991 ਵਿਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਮਾਧੀ 'ਤੇ ਨਾ ਜਾ ਸਕੀ। ਮੀਡੀਆ ਨੂੰ ਬਿਲਕੁਲ ਦੂਰ ਰੱਖਿਆ ਗਿਆ ਅਤੇ ਉਸ ਨੂੰ ਕਿਹਾ ਗਿਆ ਸੀ ਕਿ ਇਸ ਵਾਰ ਸਮਾਧੀ 'ਤੇ ਕੋਈ ਪ੍ਰੋਗਰਾਮ ਨਹੀਂ ਹੋਵੇਗਾ।
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਪਾਰਟੀ ਨੇਤਾ ਨੂੰ ਸਮਾਧੀ 'ਤੇ ਜਾਣ ਦੇ ਬਾਰੇ ਵਿਚ ਸੂਚਿਤ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਮਾਧੀ ਵਾਲੀ ਥਾਂ 'ਤੇ ਕੋਈ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ। ਇਕ ਹੋਰ ਗੱਲ ਧਿਆਨ ਖਿੱਚਣ ਵਾਲੀ ਹੈ, ਉਹ ਇਹ ਕਿ ਇਸ ਮੌਕੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਸ ਸਮੇਂ ਦੀ ਪਿਤਾ ਦੇ ਨਾਲ ਆਖਰੀ ਫੋਟੋ ਜਾਰੀ ਕੀਤੀ ਜਦ ਉਹ 19 ਸਾਲ ਦੀ ਸੀ, ਨਾ ਕਿ ਸ਼ਰਧਾਂਜਲੀ ਦੇਣ ਗੁਪਤ ਤਰੀਕੇ ਨਾਲ ਸਮਾਧੀ ਵਾਲੀ ਥਾਂ ਜਾਣ ਦੀ ਫੋਟੋ। ਰਾਹੁਲ ਗਾਂਧੀ ਦੇ ਕਰੀਬੀ ਸੂਤਰਾਂ ਦਾ ਆਖਣਾ ਹੈ ਕਿ ਉਹ ਪੂਰੀ ਸਖਤੀ ਨਾਲ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਦੇ ਕਰੀਬੀ ਨੇ ਸਿਰਫ ਇੰਨਾ ਕਿਹਾ ਕਿ ਅਸਾਧਾਰਣ ਸਥਿਤੀ ਵਿਚ ਅਸਾਧਾਰਣ ਗੱਲਾਂ ਹੁੰਦੀਆਂ ਹਨ।