ਘੁਸਪੈਠੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦੁਆਉਣਾ ਚਾਹੁੰਦੇ ਹਨ ਰਾਹੁਲ ਤੇ ਲਾਲੂ : ਸ਼ਾਹ
Saturday, Sep 27, 2025 - 11:23 PM (IST)

ਪਟਨਾ/ਅਰਰੀਆ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਸਹਿਯੋਗੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ’ਤੇ ਘੁਸਪੈਠੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦੁਆਉਣ ਦੀ ਕੋਸ਼ਿਸ਼ ਕਰਨ ਦਾ ਸ਼ਨੀਵਾਰ ਦੋਸ਼ ਲਾਇਆ।
ਅਰਰੀਆ ਜ਼ਿਲੇ ’ਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਜੇ ਰਾਸ਼ਟਰੀ ਜਮਹੂਰੀ ਗੱਠਜੋੜ ਦੋ-ਤਿਹਾਈ ਬਹੁਮਤ ਨਾਲ ਸੱਤਾ ’ਚ ਵਾਪਸ ਆਉਂਦਾ ਹੈ ਤਾਂ ਹਰ ਘੁਸਪੈਠੀਏ ਨੂੰ ਬਿਹਾਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕੁਝ ਸਮਾਂ ਪਹਿਲਾਂ ਇੱਥੇ ਇਕ ਯਾਤਰਾ ਕੱਢੀ ਸੀ। ਇਸ ਯਾਤਰਾ ਦਾ ਮੰਤਵ ਚੋਣ ਕਮਿਸ਼ਨ ਦੀ ਵਿਸ਼ੇਸ਼ ਤੀਬਰ ਵੋਟਰ ਸੂਚੀ ਸੋਧ ਪ੍ਰਕਿਰਿਆ ਦਾ ਵਿਰੋਧ ਕਰਨਾ ਸੀ। ਕਮਿਸ਼ਨ ਵੋਟਰ ਸੂਚੀ ’ਚੋਂ ਘੁਸਪੈਠੀਆਂ ਦੇ ਨਾਂ ਹਟਾਉਣਾ ਚਾਹੁੰਦਾ ਹੈ।
ਸ਼ਾਹ ਵੋਟਰ ਅਧਿਕਾਰ ਯਾਤਰਾ ਦਾ ਹਵਾਲਾ ਦੇ ਰਹੇ ਸਨ। ਇਸ ਅਧੀਨ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਲਾਲੂ ਦੇ ਪੁੱਤਰ ਤੇ ਉਨ੍ਹਾਂ ਦੇ ਸਿਅਾਸੀ ਜਾਨਸ਼ੀਨ ਮੰਨੇ ਜਾਂਦੇ ਤੇਜਸਵੀ ਯਾਦਵ ਨੇ 25 ਜ਼ਿਲਿਆਂ ’ਚ 1,300 ਕਿਲੋਮੀਟਰ ਦੀ ਯਾਤਰਾ ਕੀਤੀ ਸੀ।
ਸ਼ਾਹ ਨੇ ਇਹ ਵੀ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਖੇਤਰ ਵਿਚ ਪਾਰਟੀ ਦਾ ਪ੍ਰਦਰਸ਼ਨ ਚੰਗਾ ਸੀ, ਪਰ ਇਸ ਵਾਰ ਵਰਕਰਾਂ ਨੂੰ 160 ਤੋਂ ਵੱਧ ਸੀਟਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਹੋਰ ਵੀ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ। ਚੋਣ ਕਮਿਸ਼ਨ ਵੱਲੋਂ 243 ਮੈਂਬਰੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਈ ਤਰੀਕਾਂ ਦਾ ਐਲਾਨ ਜਲਦੀ ਹੀ ਕੀਤੇ ਜਾਣ ਦੀ ਉਮੀਦ ਹੈ।