ਰਾਹੁਲ SSC ਪੇਪਰ ਲੀਕ ਮਾਮਲੇ ''ਚ ਵਿਦਿਆਰਥੀਆਂ ਨੂੰ ਸਮਰਥਨ ਦੇਣ ਪੁੱਜੇ

Saturday, Mar 17, 2018 - 12:53 PM (IST)

ਰਾਹੁਲ  SSC ਪੇਪਰ ਲੀਕ ਮਾਮਲੇ ''ਚ ਵਿਦਿਆਰਥੀਆਂ ਨੂੰ ਸਮਰਥਨ ਦੇਣ ਪੁੱਜੇ

ਨਵੀਂ ਦਿੱਲੀ— ਐੱਸ.ਐੱਸ.ਸੀ. ਪੇਪਰ ਲੀਕ ਮਾਮਲੇ ਨੂੰ ਲੈ ਕੇ 18 ਦਿਨਾਂ ਤੋਂ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਦੇਸ਼ ਦਾ ਹਰ ਨੌਜਵਾਨ ਸਿਰਫ 10 ਮਿੰਟ ਲਈ ਖੜ੍ਹਾ ਹੋ ਜਾਵੇ ਤਾਂ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ। ਉਨ੍ਹਾਂ ਨੇ ਵਿਦਿਆਰਥੀਆਂ ਦਾ ਮਨੋਬਲ ਵਧਾਉਂਦੇ ਹੋਏ ਕਿਹਾ ਕਿ ਉਹ ਵਿਦਿਆਰਥੀਆਂ ਨਾਲ ਮਿਲ ਕੇ ਸੀ.ਬੀ.ਆਈ. ਜਾਂਚ ਕਰਵਾਉਣਗੇ। ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਵਿਦਿਆਰਥੀਆਂ ਦੇ ਅੰਦੋਲਨ 'ਚ ਹੋਰ ਜਾਨ ਆ ਗਈ। ਵਿਦਿਆਰਥੀਆਂ ਨੇ ਐੱਸ.ਐੱਸ.ਸੀ. ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਭੁੱਖ ਹੜਤਾਲ ਵੀ ਰੱਖੀ। ਸ਼ੁੱਕਰਵਾਰ ਸ਼ਾਮ ਨੂੰ ਐੱਸ.ਐੱਸ.ਸੀ. ਹੈੱਡ ਕੁਆਰਟਰ ਦੇ ਸਾਹਮਣੇ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੂੰ ਮਿਲਣ ਲਈ ਰਾਹੁਲ ਸਖਤ ਸੁਰੱਖਿਆ 'ਚ ਪੁੱਜੇ। ਉਨ੍ਹਾਂ ਨੇ ਐੱਸ.ਐੱਸ.ਸੀ. ਘੁਟਾਲੇ ਬਾਰੇ ਕਿਹਾ ਕਿ ਦੇਸ਼ 'ਚ ਵਿਆਪਮ ਘੁਟਾਲਾ ਫੈਲਾਇਆ ਜਾ ਰਿਹਾ ਹੈ ਅਤੇ ਜੇਕਰ ਵਿਦਿਆਰਥੀ ਆਪਣੀਆਂ ਮੰਗਾਂ ਦੇ ਅਨੁਰੂਪ ਸੀ.ਬੀ.ਆਈ. ਜਾਂਚ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਕਜੁਟ ਹੋਣ ਦੀ ਲੋੜ ਹੈ।

ਐੱਸ.ਐੱਸ.ਸੀ. ਵਿਦਿਆਰਥੀਆਂ ਦੇ ਸਮਰਥਨ 'ਚ ਸ਼ੁੱਕਰਵਾਰ ਨੂੰ ਐੱਨ.ਐੱਸ.ਯੂ.ਆਈ. ਦੇ ਰਾਸ਼ਟਰੀ ਪ੍ਰਧਾਨ ਫਿਰੋਜ਼ ਖਾਨ ਦੀ ਅਗਵਾਈ 'ਚ ਵਰਕਰਾਂ ਅਤੇ ਵਿਦਿਆਰਥੀਆਂ ਨੇ ਦਿਆਲ ਸਿੰਘ ਕਾਲਜ ਤੋਂ ਲੈ ਕੇ ਐੱਸ.ਐੱਸ.ਸੀ. ਹੈੱਡ ਕੁਆਰਟਰ ਤੱਕ ਮਾਰਚ ਕੱਢਿਆ। ਇਸ ਤੋਂ ਬਾਅਦ ਐੱਨ.ਐੱਸ.ਯੂ.ਆਈ. ਨੇ ਵਿਦਿਆਰਥੀਆਂ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੇਪਰ ਲੀਕ ਘੁਟਾਲੇ ਨਾਲ ਜੁੜੀਆਂ ਸਾਰੀਆਂ ਮੰਗਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਸੀ.ਬੀ.ਆਈ. ਜਾਂਚ ਕਰਵਾਈ ਜਾਵੇ ਅਤੇ ਸਾਰੀਆਂ ਹੋ ਚੁਕੀਆਂ ਅਤੇ ਹੋਣ ਵਾਲੀਆਂ ਐੱਸ.ਐੱਸ.ਸੀ. ਪ੍ਰੀਖਿਆਵਾਂ 'ਤੇ ਰੋਕ ਲਗਾਈ ਜਾਵੇ।


Related News