''ਰਾਫੇਲ'' ਵਿਵਾਦ ਕਾਰਨ ਮਜ਼ਾਕ ਦਾ ਪਾਤਰ ਬਣਿਆ ਛੱਤੀਸਗੜ੍ਹ ਦਾ ਇਹ ਪਿੰਡ

04/15/2019 6:02:08 PM

ਨਵੀਂ ਦਿੱਲੀ— ਰਾਫੇਲ ਲੜਾਕੂ ਜਹਾਜ਼ ਸੌਦਾ ਸਿਰਫ ਕੇਂਦਰ ਸਰਕਾਰ ਹੀ ਨਹੀਂ ਸਗੋਂ ਛੱਤੀਸਗੜ੍ਹ ਦੇ ਇਕ ਪਿੰਡ ਲਈ ਵੀ ਪਰੇਸ਼ਾਨ ਦਾ ਕਾਰਨ ਬਣ ਗਿਆ ਹੈ, ਜਿਸ ਨੂੰ ਇਸ ਸੌਦੇ ਦੇ ਵਿਵਾਦਾਂ 'ਚ ਘਿਰੇ ਹੋਣ ਕਾਰਨ ਮਜ਼ਾਕ ਦਾ ਪਾਤਰ ਬਣਨਾ ਪੈ ਰਿਹਾ ਹੈ। ਦਰਅਸਲ ਛੱਤੀਸਗੜ੍ਹ ਦੇ ਮਹਾਸਮੁੰਦ ਚੋਣ ਖੇਤਰ 'ਚ ਇਕ ਛੋਟਾ ਜਿਹਾ ਪਿੰਡ ਹੈ, ਜਿਸ ਦਾ ਨਾਂ 'ਰਾਫੇਲ' ਹੈ। ਇਸ ਪਿੰਡ 'ਚ ਕਰੀਬ 2000 ਪਰਿਵਾਰ ਰਹਿੰਦੇ ਹਨ। ਪਿੰਡ 'ਚ ਰਹਿਣ ਵਾਲੇ 83 ਸਾਲਾ ਧਰਮ ਸਿੰਘ ਨੇ ਕਿਹਾ,''ਹੋਰ ਪਿੰਡਾਂ ਦੇ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਕਾਂਗਰਸ ਸੱਤਾ 'ਚ ਆਈ ਤਾਂ ਸਾਡੀ ਜਾਂਚ ਹੋਵੇਗੀ। ਅਸੀਂ ਪਿੰਡ ਦਾ ਨਾਂ ਬਦਲਣ ਦੀ ਅਪੀਲ ਲੈ ਕੇ ਮੁੱਖ ਮੰਤਰੀ ਦਫ਼ਤਰ ਵੀ ਗਏ ਸੀ ਪਰ ਅਸੀਂ ਉਨ੍ਹਾਂ ਨੂੰ ਮਿਲ ਨਹੀਂ ਸਕੇ। ਉਨ੍ਹਾਂ ਨੇ ਕਿਹਾ,''ਰਾਫੇਲ ਵਿਵਾਦ ਕਾਰਨ ਇਹ ਨਾਂ ਸਿਰਫ ਨਕਾਰਾਤਮਕ ਧਿਆਨ ਆਕਰਸ਼ਤ ਕਰਦਾ ਹੈ ਪਰ ਸਾਡੇ ਪਿੰਡ ਦੀ ਕੋਈ ਪਰਵਾਹ ਨਹਂ ਕਰਦਾ। ਰਾਜ ਦੇ ਬਾਹਰ ਤਾਂ ਜ਼ਿਆਦਾਤਰ ਲੋਕਾਂ ਨੂੰ ਪਿੰਡ ਬਾਰੇ ਪਤਾ ਵੀ ਨਹੀਂ ਹੈ।''

ਸਿੰਘ ਨੇ ਦੱਸਿਆ ਕਿ ਪਿੰਡ 'ਚ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਰਗੀਆਂ ਬੁਨਿਆਦੀ ਜ਼ਰੂਰਤਾਂ ਵੀ ਨਹੀਂ ਹਨ। ਖੇਤੀ ਬਾਰਸ਼ 'ਤੇ ਆਧਾਰਤ ਹੈ, ਕਿਉਂਕਿ ਇੱਥੇ ਸਿੰਚਾਈ ਦੀ ਕੋਈ ਸਹੂਲਤ ਨਹੀਂ ਹੈ। ਸਿੰਘ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਪਿੰਡ ਦਾ ਨਾਂ ਰਾਫੇਲ ਕਿਉਂ ਰੱਖਿਆ ਗਿਆ ਅਤੇ ਇਸ ਦਾ ਕੀ ਅਰਥ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਨਹੀਂ ਪਤਾ ਪਰ ਪਿੰਡ ਦਾ ਦਹਾਕਿਆਂ ਤੋਂ ਇਹ ਨਾਂ ਹੈ। ਸਾਲ 2000 'ਚ ਛੱਤੀਸਗੜ੍ਹ ਦੇ ਗਠਨ ਤੋਂ ਵੀ ਪਹਿਲਾਂ ਇਹ ਨਾਂ ਹੈ। ਮੈਨੂੰ ਇਸ ਨਾਂ ਦੇ ਪਿੱਛੇ ਦਾ ਤਰਕ ਨਹੀਂ ਪਤਾ।'' ਦੱਸਣਯੋਗ ਹੈ ਕਿ ਕਾਂਗਰਸ ਅਤੇ ਹੋਰ ਵਿਰੋਧੀ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਨੂੰ ਫਰਾਂਸ ਨਾਲ ਹੋਏ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਹਰ ਜਹਾਜ਼ ਦੀ ਕੀਮਤ ਤੇਜ਼ੀ ਨਾਲ ਵਧੀ ਹੈ ਅਤੇ ਇਸ ਸੌਦੇ ਤੋਂ ਉਦਯੋਗਪਤੀ ਅਨਿਲ ਅੰਬਾਨੀ ਨੂੰ ਲਾਭ ਹੋਵੇਗਾ। ਸਰਕਾਰ ਅਤੇ ਅੰਬਾਨੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


DIsha

Content Editor

Related News