ਰਵਿੰਦਰਨਾਥ ਮਹਤੋ ਦੂਜੀ ਵਾਰ ਝਾਰਖੰਡ ਵਿਧਾਨ ਸਭਾ ਦੇ ਬਣੇ ਸਪੀਕਰ
Tuesday, Dec 10, 2024 - 06:27 PM (IST)
ਰਾਂਚੀ, (ਅਨਸ)- ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.) ਦੇ ਰਵਿੰਦਰਨਾਥ ਮਹਤੋ ਨੂੰ ਮੰਗਲਵਾਰ ਸਰਬਸੰਮਤੀ ਨਾਲ ਝਾਰਖੰਡ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ।
4 ਦਿਨਾ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸਪੀਕਰ ਦੇ ਅਹੁਦੇ ਲਈ ਮਹਤੋ ਦੇ ਨਾਂ ਦਾ ਪ੍ਰਸਤਾਵ ਰੱਖਿਆ। ਜੇ. ਐੱਮ. ਐੱਮ. ਦੇ ਵਿਧਾਇਕ ਮਥੁਰਾ ਪ੍ਰਸਾਦ ਨੇ ਪ੍ਰਸਤਾਵ ਦੀ ਹਮਾਇਤ ਕੀਤੀ।
ਰਵਿੰਦਰਨਾਥ ਮਹਤੋ ਇਸ ਤੋਂ ਪਹਿਲਾਂ 5ਵੀਂ ਝਾਰਖੰਡ ਵਿਧਾਨ ਸਭਾ ਦੇ ਵੀ ਸਪੀਕਰ ਰਹਿ ਚੁੱਕੇ ਹਨ।
ਉਹ ਬਿਨਾਂ ਮੁਕਾਬਲਾ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਕਿਉਂਕਿ ਵਿਰੋਧੀ ਪਾਰਟੀਆਂ ਨੇ ਆਪਣਾ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਕੀਤਾ ਸੀ। ਸੋਰੇਨ ਨੇ ਸੱਤਾਧਾਰੀ ਗੱਠਜੋੜ ਵੱਲੋਂ ਮਹਤੋ ਨੂੰ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਦਾ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੱਤੀ।