ਕੋਰੋਨਾ ਦੇ ਖ਼ੌਫ਼ ਵਿਚਕਾਰ ਟੀਕਾਕਰਨ ਅਤੇ ਵੈਕਸੀਨ ਨੂੰ ਲੈ ਕੇ ਉੱਠ ਰਹੇ ਸਵਾਲ

03/30/2021 2:58:17 PM

ਸੰਜੀਵ ਪਾਂਡੇ


ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਦੀ ਨਵੀਂ ਲਹਿਰ ਫਿਰ ਆ ਚੁੱਕੀ ਹੈ। ਕਈ ਸੂਬਿਆਂ ਵਿਚ ਕੋਰੋਨਾ ਨੇ ਫਿਰ ਪੈਰ ਪਸਾਰ ਲਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਹੈ। ਮੁੱਖ ਮੰਤਰੀਆਂ ਨੇ ਟੀਕਾਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੀ ਗੱਲ ਕਹੀ। ਇਸੇ ਦਰਮਿਆਨ ਇਕ ਮਹੱਤਵਪੂਰਨ ਖ਼ਬਰ ਇਹ ਵੀ ਆ ਰਹੀ ਹੈ ਕਿ ਵੈਕਸੀਨ ਲੈਣ ਵਾਲੇ ਲੋਕ ਵੀ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਇਹ ਖ਼ਬਰਾਂ ਵੈਕਸੀਨ ਦੀ ਸਫ਼ਲਤਾ 'ਤੇ ਵੀ ਸਵਾਲ ਖੜ੍ਹੇ ਕਰ ਰਹੀਆਂ ਹਨ। ਵੈਕਸੀਨ ਦਾ ਅਸਰ ਕੀ ਹੋਵੇਗਾ? ਕੋਰੋਨਾ ਤੋਂ ਕਿੰਨਾ ਬਚਾਅ ਕਰ ਸਕਦੀ ਹੈ ਵੈਕਸੀਨ? ਇਹ ਵਕਤ ਦੱਸੇਗਾ। ਦੂਜੇ ਪਾਸੇ ਵੈਕਸੀਨ ਦੇ ਬੁਰੇ ਪ੍ਰਭਾਵਾਂ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਭਾਰਤ ਵਿਚ ਸੀਰਮ ਸੰਸਥਾ ਵੱਲੋਂ ਬਣਾਈ ਗਈ ਐਸਟਰਾਜੈਨਕਾ ਦੀ ਜਿਸ ਕੋਵੀਸ਼ੀਲਡ ਵੈਕਸੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਉਸ ਵੈਕਸੀਨ ਦੀ ਵਰਤੋਂ 'ਤੇ ਯੂਰਪ ਦੇ ਕਈ ਦੇਸ਼ ਰੋਕ ਲਗਾ ਚੁੱਕੇ ਹਨ। ਯੂਰਪ ਵਿਚ ਤਾਂ ਟੀਕਾਕਰਨ ਤੋਂ ਬਾਅਦ ਕੁਝ ਲੋਕਾਂ ਦੀ ਮੌਤ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਇਨ੍ਹਾਂ ਦੇਸ਼ਾਂ ਨੇ ਕਿਉਂ ਲਗਾਈ ਰੋਕ
ਸੀਰਮ ਸੰਸਥਾ ਵੱਲੋਂ ਤਿਆਰ ਕੀਤੀ ਕੋਵੀਸ਼ੀਲਡ ਵੈਕਸੀਨ ਐਸਟਰਾਜੈਨਕਾ ਦੀ ਵੈਕਸੀਨ ਹੈ। ਇਸੇ ਵੈਕਸੀਨ 'ਤੇ ਯੂਰਪੀਅਨ ਦੇਸ਼ਾਂ ਨੇ ਰੋਕ ਲਾਈ ਹੈ। ਇਹ 14 ਦੇਸ਼ ਹਨ-ਨੀਦਰਲੈਂਡ, ਆਇਰਲੈਂਡ, ਡੈਨਮਾਰਕ, ਆਸਟਰੀਆ, ਇਟਲੀ, ਬੁਲਗਾਰੀਆ, ਰੋਮਾਨੀਆ, ਐਸਟੋਨੀਆ, ਲਿਥੁਆਨੀਆ, ਲਕਜਮਬਰਗ, ਲਾਤਵੀਆ ਅਤੇ ਗ਼ੈਰ ਯੂਰਪੀਅਨ ਸੰਘ ਦੇ ਦੇਸ਼ ਨਾਰਵੇ ਅਤੇ ਆਇਸਲੈਂਡ ਵੀ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿਚ ਵੈਕਸੀਨ ਲਗਾਉਣ ਵਾਲੇ ਲੋਕਾਂ ਦੇ ਖ਼ੂਨ ’ਚ ਥੱਕੇ ਬਣਨੇ ਸ਼ੁਰੂ ਹੋ ਗਏ। ਇਸੇ ਕਾਰਨ ਟੀਕਾਕਰਨ 'ਤੇ ਰੋਕ ਲਗਾ ਦਿੱਤੀ ਗਈ। ਏਸ਼ੀਆਈ ਦੇਸ਼ ਥਾਈਲੈਂਡ ਨੇ ਵੀ ਇਸੇ ਕਾਰਨ ਵੈਕਸੀਨ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਹੈ। 

ਹੈਰਾਨੀਜਨਕ ਗੱਲ ਇਹ ਹੈ ਕਿ ਕਈ ਦੇਸ਼ਾਂ ਵੱਲੋਂ ਰੋਕ ਦੇ ਬਾਵਜੂਦ ਭਾਰਤ ਇਸ ਦੀ ਵਰਤੋਂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਹੋਈ ਬੈਠਕ ’ਚ ਕਿਹਾ ਕਿ ਵੈਕਸੀਨ ਦੀ ਵੇਸਟੇਜ਼ (ਬਰਬਾਦੀ) ਤੋਂ ਬਚਿਆ ਜਾਵੇ। ਵੈਕਸੀਨ ਦੀ ਵਰਤਣ ਦੀ ਅੰਤਿਮ ਤਾਰੀਖ਼ ਤੋਂ ਪਹਿਲਾਂ ਹੀ ਵਰਤ ਲਈ ਜਾਵੇ। ਇਸੇ ਕਰਕੇ ਉਨ੍ਹਾਂ ਨੇ ਟੀਕਾਕਰਨ ਦੀ ਪ੍ਰਕਿਰਿਆ ਹੋਰ ਤੇਜ਼ ਕਰਨ ਨੂੰ ਕਿਹਾ ਹੈ। ਫਿਲਹਾਲ 30 ਲੱਖ ਲੋਕਾਂ ਨੂੰ ਰੋਜ਼ਾਨਾ ਵੈਕਸੀਨ ਦਿੱਤੀ ਜਾ ਰਹੀ ਹੈ।

ਦੂਜੀ ਡੋਜ਼ ਲੈਣ ਤੋਂ ਬਾਅਦ ਵੀ ਕਿਉਂ ਪਾਜ਼ੇਟਿਵ ਆ ਰਹੇ ਹਨ ਲੋਕ
ਆਖਰ ਕੋਵੀਸ਼ੀਲਡ ’ਤੇ ਇੰਨੇ ਸਵਾਲ ਕਿਉਂ ਉੱਠ ਰਹੇ ਹਨ? ਭਾਰਤ ’ਚ ਵੱਡੀ ਮਾਤਰਾ ’ਚ ਮੂਹਰਲੀ ਕਤਾਰ ਦੇ ਕਾਰਕੁਨਾਂ ਨੂੰ ਇਸਦੀ ਦੂਜੀ ਡੋਜ਼ ਵੀ ਦਿੱਤੀ ਜਾ ਚੁੱਕੀ ਹੈ। ਭਾਰਤ ’ਚ ਜ਼ਿਆਦਾਤਰ ਲੋਕਾਂ ਨੂੰ ਇਹੀ ਵੈਕਸੀਨ ਦਿੱਤੀ ਜਾ ਰਹੀ ਹੈ ਪਰ ਬੁਰੀ ਖ਼ਬਰ ਇਹ ਹੈ ਕਿ 28 ਦਿਨਾਂ ਦੇ ਵਕਫ਼ੇ ਮਗਰੋਂ ਦੂਜੀ ਡੋਜ਼ ਦਿੱਤੀ ਜਾਣ ਦੇ ਬਾਅਦ ਵੀ ਕਈ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਦੂਜੀ ਡੋਜ਼ ਤੋਂ ਬਾਅਦ ਸਰੀਰ ’ਚ ਐਟੀਂਬਾਡੀ ਬਣਨ ਲਗਦੀ ਹੈ। ਦੂਜੀ ਡੋਜ਼ ਤੋਂ ਬਾਅਦ ਡਾਕਟਰ, ਸਿਹਤ ਕਾਮੇ, ਮੂਹਰਲੀ ਕਤਾਰ ਦੇ ਕਾਮਿਆਂ ਦਾ ਪਾਜ਼ੇਟਿਵ ਆਉਣਾ ਹੈਰਾਨੀਜਨਕ ਵੀ ਹੈ ਅਤੇ ਇਸੇ ਨੂੰ ਲੈ ਕੇ ਕਈ ਸਵਾਲ ਵੀ ਉੱਠ ਰਹੇ ਹਨ।

ਦੂਜੇ ਪਾਸੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਕਿਸੇ ਵੀ ਕੀਮਤ ’ਤੇ ਵੈਕਸੀਨ ਦੀ ਖ਼ਪਤ ਕਰਨਾ ਚਾਹੁੰਦੀਆਂ ਹਨ। ਇਕ ਖ਼ਬਰ ਇਹ ਵੀ ਸੀ ਕਿ ਸੀਰਮ ਸੰਸਥਾ ਨੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਹੀ 20 ਕਰੋੜ ਕੋਰੋਨਾ ਵੈਕਸੀਨ ਬਣਾ ਲਈਆਂ ਸਨ। ਹੁਣ ਇਹ ਵੈਕਸੀਨ ਐਕਸਪਾਇਰੀ ਦੇ ਨਜ਼ਦੀਕ ਹਨ, ਇਸ ਦੇ ਮੱਦੇਨਜ਼ਰ ਕੰਪਨੀ ਹਰ ਹਾਲ ’ਚ ਇਸ ਵੈਕਸੀਨ ਨੂੰ ਪ੍ਰਯੋਗ ’ਚ ਲਿਆਉਣਾ ਚਾਹੁੰਦੀ ਹੈ। ਇਹੀ ਵਜ੍ਹਾ ਹੈ ਕਿ ਪ੍ਰਧਾਨ ਮੰਤਰੀ ਨੇ ਐਕਸਪਾਇਰੀ ਵੈਕਸੀਨ ਦੇ ਪਹਿਲਾਂ ਇਸਤੇਮਾਲ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਕੰਪਨੀ ਨੂੰ ਕੋਈ ਨੁਕਸਾਨ ਨਾ ਹੋਵੇ।

ਵਿਸ਼ਵ ਸਿਹਤ ਸੰਗਠਨ ਦਾ ਕੀ ਕਹਿਣਾ ਹੈ
ਇਸੇ ਦਰਮਿਆਨ ਵਿਸ਼ਵ ਸਿਹਤ ਸੰਗਠਨ ਵੀ ਆਪਣੀਆਂ ਖੇਡਾਂ ਖੇਡ ਰਿਹਾ ਹੈ। ਕਈ ਲੋਕਾਂ ਦੇ ਵੈਕਸੀਨ ਤੋਂ ਬਾਅਦ ਵੀ ਕੋਰੋਨਾ ਪਾਜ਼ੇਟਿਵ ਆਉਣ 'ਤੇ ਸੰਗਠਨ ਨੇ ਕਿਹਾ ਕਿ ਵੈਕਸੀਨ ਦੀ ਦੂਜੀ ਡੋਜ਼ ਲਈ 4 ਹਫ਼ਤਿਆਂ ਦਾ ਸਮਾਂ ਘੱਟ ਹੈ ਜੋ 12 ਹਫ਼ਤਿਆਂ ਦਾ ਹੋਣਾ ਚਾਹੀਦਾ ਹੈ। ਸੰਗਠਨ ਨੇ ਕਿਹਾ ਕਿ ਵੱਖ-ਵੱਖ ਖੋਜਾਂ ਮਗਰੋਂ ਇਹ ਸਿੱਟਾ ਨਿਕਲਿਆ ਕਿ ਦੋ ਡੋਜ਼ਾਂ ਵਿਚਲਾ ਅੰਤਰਾਲ ਵਧਾਉਣ ਉੱਤੇ ਵੈਕਸੀਨ ਦਾ ਪ੍ਰਭਾਵ 20 ਤੋਂ 30 ਫ਼ੀਸਦ ਤਕ ਵਧ ਜਾਂਦਾ ਹੈ। ਜਦਕਿ ਕੁਝ ਦਿਨ ਪਹਿਲਾਂ ਮਾਹਿਰ ਇਹ ਕਹਿ ਰਹੇ ਸਨ ਕਿ ਐਸਟਰਾਜੈਨਿਕ ਵੈਕਸੀਨ ਦੀਆਂ ਦੋ ਖੁਰਾਕਾਂ ਦਰਮਿਆਨ 28 ਦਿਨਾਂ ਦਾ ਵਕਫ਼ਾ ਹੋਣ ਨਾਲ ਚੰਗਾ ਅਸਰ ਵੇਖਣ ਨੂੰ ਮਿਲਦਾ ਹੈ। ਹੁਣ ਆਲਮੀ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਵਕਫ਼ਾ ਵਧਾਉਣਾ ਚਾਹੀਦਾ ਹੈ।
 
ਇੰਨੀ ਜਲਦੀ ਕਿਵੇਂ ਬਣ ਗਈ ਕੋਰੋਨਾ ਦੀ ਵੈਕਸੀਨ
ਇਹ ਸਪੱਸ਼ਟ ਹੈ ਕਿ ਕੋਰੋਨਾ ਵੈਕਸੀਨ ਦੇ ਇਸਤੇਮਾਲ ਦੇ ਖ਼ਤਰੇ ਵੀ ਹਨ। ਕਈ ਲੋਕਾਂ ਦੀ ਜਾਨ ਵੀ ਗਈ ਹੈ। ਇਹ ਵੀ ਸੱਚਾਈ ਹੈ ਕਿ ਦੁਨੀਆ ਭਰ ’ਚ ਵੈਕਸੀਨ ਬਣਾਉਣ ਮੌਕੇ ਕੰਪਨੀਆਂ ਨੇ ਵਿਗਿਆਨਕ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਵੈਕਸੀਨ ਵਿਕਾਸ ਦੇ ਪ੍ਰਮਾਣਿਤ ਮਾਪਦੰਡਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਕਿਸੇ ਵੀ ਬੀਮਾਰੀ ਦੀ ਵੈਕਸੀਨ ਦੇ ਵਿਕਾਸ ’ਚ ਘੱਟੋ-ਘੱਟ 6 ਸਾਲ ਲੱਗਦੇ ਹਨ ਪਰ ਕੋਰੋਨਾ ਦੀ ਵੈਕਸੀਨ 1 ਸਾਲ ’ਚ ਬਣਾ ਲਈ ਗਈ। ਇਸ ਵੈਕਸੀਨ ਦਾ ਭਵਿੱਖ ’ਚ ਮਨੁੱਖਾ ਜਾਤੀ 'ਤੇ ਕੀ ਅਸਰ ਹੋਵੇਗਾ, ਇਹ ਵਿਗਿਆਨਕਾਂ ਨੂੰ ਖੁਦ ਵੀ ਨਹੀਂ ਪਤਾ। ਕਈ ਸਮਾਜ ਸ਼ਾਸਤਰੀ ਅਤੇ ਅਰਥ ਸ਼ਾਸ਼ਤਰੀ ਇਸਨੂੰ ਆਫ਼ਤ ’ਚ ਮੌਕਾ ਦੱਸ ਰਹੇ ਹਨ, ਜਿਸ ਵਿਚ ਮਨੁੱਖੀ ਜੀਵਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਖਿਲਵਾੜ ਸਿਰਫ਼ ਪੈਸੇ ਲਈ ਕੀਤਾ ਜਾ ਰਹਿਆ ਹੈ। ਇਸ ਵਿਚ ਦੁਨੀਆ ਭਰ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਸ਼ਾਮਲ ਹਨ। ਇਹੀ ਕਾਰਨ ਹੈ ਕਿ ਮਾਪਦੰਡਾਂ ਦੀ ਪ੍ਰਵਾਹ ਕੀਤੇ ਬਿਨਾਂ ਵੈਕਸੀਨ ਤਿਆਰ ਕੀਤੀ ਗਈ ਹੈ। ਤਕਰੀਬਨ ਸਾਰੀਆਂ ਵੈਕਸੀਨ ਪ੍ਰਤੀ ਲੋਕਾਂ ’ਚ ਇੰਨਾ ਜ਼ਿਆਦਾ ਅਵਿਸ਼ਵਾਸ ਪੈਦਾ ਹੋ ਗਿਆ ਹੈ ਕਿ ਹੁਣ ਸਿਹਤ ਕਾਮੇ ਅਤੇ ਡਾਕਟਰ ਵੀ ਇਸ ਵੈਕਸੀਨ ਨੂੰ ਲਗਵਾਉਣ ਲਈ ਤਿਆਰ ਨਹੀਂ ਹਨ।

ਨੋਟ: ਕੋਰੋਨਾ ਟੀਕਾਕਰਨ ਤੇ ਵੈਕਸੀਨ ਨੂੰ ਲੈ ਕੇ ਉੱਠ ਰਹੇ ਸਵਾਲਾਂ ਸੰਬੰਧੀ ਕੀ ਹੈ ਤੁਹਾਡੀ ਰਾਏ? 


Rakesh

Content Editor

Related News