ਅਮੇਠੀ 'ਚ ਰਾਇਫਲ ਦੀ ਫੈਕਟਰੀ ਨੂੰ ਪੁਤਿਨ ਨੇ ਭਾਰਤ-ਰੂਸ ਦੋਸਤੀ ਲਈ ਦੱਸਿਆ ਵੱਡਾ ਕਦਮ
Sunday, Mar 03, 2019 - 11:13 PM (IST)

ਮਾਸਕੋ/ਨਵੀ ਦਿੱਲੀ — ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਕਲਾਸ਼ੀਨਕੋਵ ਅਸਾਲਟ ਰਾਇਫਲਜ਼ ਬਣਾਉਣ ਵਾਲੀ ਫੈਕਟਰੀ ਦਾ ਉਦਘਾਟਨ ਸ਼ੁਰੂ ਹੋਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇੰਡੋ-ਰੂਸ ਰਾਇਫਲ ਪ੍ਰਾਈਵੇਟ ਲਿਮਟਿਡ 'ਚ ਭਾਰਤ ਦੀ ਅਸਲਾ ਫੈਕਟਰੀ ਅਤੇ ਰੂਸ ਦਾ ਇਹ ਸੰਯੁਕਤ ਪ੍ਰਾਜੈਕਟ ਹੈ। ਜਿਸ 'ਚ ਹਰ ਸਾਲ 7.47 ਲੱਖ ਕਲਾਸ਼ੀਨਕੋਵ ਅਸਾਲਟ ਰਾਇਫਲਾਂ ਬਣਾਈਆਂ ਜਾਣਗੀਆਂ। ਪੁਤਿਨ ਨੇ ਇਸ ਨੂੰ ਭਾਰਤ ਅਤੇ ਰੂਸ ਵਿਚਾਲੇ ਦੋਸਤੀ ਦਾ ਇਕ ਹੋਰ ਕਦਮ ਦੱਸਿਆ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਫੈਕਟਰੀ ਦਾ ਉਦਘਾਟਨ ਕੀਤਾ ਹੈ।
ਅਮੇਠੀ 'ਚ ਬਣੀ ਇਸ ਫੈਕਟਰੀ ਦੇ ਨਿਰਮਾਣ 'ਤੇ 408.01 ਕਰੋੜ ਰੁਪਏ ਦੀ ਲਾਗਤ ਆਈ ਹੈ। ਇਥੇ ਕੋਰਵਾ ਅਸਲਾ ਫੈਕਟਰੀ 'ਚ ਸ਼ਾਨਦਾਰ ਕਲਾਸ਼ੀਨਕੋਵ ਰਾਇਫਲਾਂ ਦੀ ਨਵੀਨਤਮ ਸ਼੍ਰੇਣੀਆਂ ਬਣਾਈਆਂ ਜਾਣਗੀਆਂ। ਇਹ ਸੰਯੁਕਤ ਉੱਦਮ ਦੇਸ਼ 'ਚ ਫੌਜੀਆਂ ਨੂੰ ਮਦਦ ਦੇਵੇਗਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਯੂਨਿਟ 'ਚ AK-203 ਮਾਰਡਨ ਰਾਇਫਲਜ਼ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਦੱਸ ਦਈਏ ਕਿ ਭਾਰਤ ਅਤੇ ਰੂਸ ਵਿਚਾਲੇ ਚੰਗੇ ਰਿਸ਼ਤੇ ਰਹੇ ਹਨ, ਹਾਲ ਹੀ 'ਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕਰ ਪੁਲਵਾਮਾ ਅੱਤਵਾਦੀ ਹਮਲੇ 'ਤੇ ਦੁੱਖ ਵਿਅਕਤ ਕੀਤਾ ਸੀ। ਪੁਤਿਨ ਨੇ ਅੱਤਵਾਦ ਖਿਲਾਫ ਲੜਾਈ 'ਚ ਰੂਸ ਭਾਰਤ ਨਾਲ ਹੈ।