ਪੰਜਾਬੀ ਕੋਈ ਕੌਮ ਨਹੀਂ, ਸਗੋਂ ਸੇਵਾ, ਸੰਘਰਸ਼ ਤੇ ਰਾਸ਼ਟਰ ਭਗਤੀ ਦਾ ਜੀਵੰਤ ਵਿਚਾਰ ਹੈ : ਚੁੱਘ

Wednesday, Jul 01, 2026 - 04:36 PM (IST)

ਪੰਜਾਬੀ ਕੋਈ ਕੌਮ ਨਹੀਂ, ਸਗੋਂ ਸੇਵਾ, ਸੰਘਰਸ਼ ਤੇ ਰਾਸ਼ਟਰ ਭਗਤੀ ਦਾ ਜੀਵੰਤ ਵਿਚਾਰ ਹੈ : ਚੁੱਘ

ਨਵੀਂ ਦਿੱਲੀ/ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਸੰਬੰਧਿਤ ਪ੍ਰਸਤਾਵਿਤ ਕਾਨੂੰਨ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਮੁਲਤਵੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਾਨਕ ਨਾਮ ਲੇਵਾ ਸੰਗਤਾਂ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਦੀ ਭਾਵਨਾ ਸੀ ਕਿ ਇਸ ਵਿਸ਼ੇ 'ਤੇ ਵਿਸਥਾਰਪੂਰਵਕ ਚਰਚਾ ਤੋਂ ਬਾਅਦ ਹੀ ਕੋਈ ਅੰਤਿਮ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ ਅਤੇ ਇਸ ਨਾਲ ਜੁੜਿਆ ਹਰ ਫ਼ੈਸਲਾ ਸਿੱਖ ਪਰੰਪਰਾਵਾਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦਿਆਂ ਹੀ ਲਿਆ ਜਾਣਾ ਚਾਹੀਦਾ ਹੈ।

ਇਸੇ ਦੌਰਾਨ ਰਾਜ ਸਭਾ ਮੈਂਬਰ ਬਣਨ ਉਪਰੰਤ ਦਿੱਲੀ ਵਿੱਚ ਆਯੋਜਿਤ ਪੰਜਾਬੀ ਗੌਰਵ ਅਭਿਨੰਦਨ ਸਮਾਰੋਹ ਵਿੱਚ ਦਿੱਲੀ ਦੀਆਂ 109 ਪੰਜਾਬੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਨੇ ਤਰੁਣ ਚੁੱਘ ਅਤੇ ਦਿੱਲੀ ਭਾਜਪਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਦਾ ਭਵਿਆ ਨਾਗਰਿਕ ਸਨਮਾਨ ਕੀਤਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੋਵੇਂ ਆਗੂਆਂ ਨੂੰ 'ਪੰਜਾਬੀ ਗੌਰਵ' ਸਨਮਾਨ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਚੁੱਘ ਨੇ ਕਿਹਾ, "ਪੰਜਾਬੀ ਕੋਈ ਕੌਮ ਨਹੀਂ, ਸਗੋਂ ਇੱਕ ਵਿਚਾਰ ਹੈ ਜੋ ਹਰ ਵੇਲੇ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦਾ ਹੈ।" ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਸੰਘਰਸ਼ ਅਤੇ ਬਲੀਦਾਨ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਪੰਜਾਬੀ ਉਹ ਹੈ ਜੋ ਹਰ ਔਖੇ ਵੇਲੇ ਸਭ ਤੋਂ ਅੱਗੇ ਖੜ੍ਹਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਭੂਗੋਲ ਨਹੀਂ, ਸਗੋਂ ਜ਼ਿੰਦਾਦਿਲੀ, ਬਹਾਦਰੀ, ਰਾਸ਼ਟਰ ਭਗਤੀ ਤੇ ਸਭਿਆਚਾਰਕ ਪਛਾਣ ਦਾ ਪ੍ਰਤੀਕ ਹੈ।

ਚੁੱਘ ਨੇ ਸਾਰੀਆਂ 109 ਸੰਸਥਾਵਾਂ ਅਤੇ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸਮਾਜ ਵੱਲੋਂ ਮਿਲਿਆ ਇਹ ਸਨਮਾਨ ਉਨ੍ਹਾਂ ਨੂੰ ਰਾਸ਼ਟਰ ਸੇਵਾ ਲਈ ਹੋਰ ਵੱਧ ਸਮਰਪਣ ਤੇ ਊਰਜਾ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਰਾਜ ਸਭਾ ਵਿਚ ਵੀ ਪੰਜਾਬ, ਪੰਜਾਬੀ ਸਮਾਜ ਅਤੇ ਰਾਸ਼ਟਰੀ ਹਿਤਾਂ ਨਾਲ ਜੁੜੇ ਹਰ ਮੁੱਦੇ ਨੂੰ ਪੂਰੀ ਦ੍ਰਿੜਤਾ ਨਾਲ ਉਠਾਉਂਦੇ ਰਹਿਣਗੇ।

ਸਮਾਰੋਹ ਵਿਚ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ, ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ, ਯੋਗੇਂਦਰ ਚਾਂਦੋਲੀਆ, ਕਮਲਜੀਤ ਸਹਰਾਵਤ, ਬਾਂਸੁਰੀ ਸਵਰਾਜ, ਦਿੱਲੀ ਦੇ ਮੇਅਰ ਪ੍ਰਵੇਸ਼ ਵਾਹੀ, ਮੰਤਰੀ ਮਨਜਿੰਦਰ ਸਿੰਘ ਸਿਰਸਾ, ਆਸ਼ੀਸ਼ ਸੂਦ, ਸਾਬਕਾ ਰਾਜਪਾਲ ਜਗਦੀਸ਼ ਮੁਖੀ, ਸੰਤ ਅਜੈ ਭਾਈ ਜੀ, ਵਿਧਾਇਕਾਂ, ਪਾਰਸ਼ਦਾਂ, ਸਮਾਜ ਸੇਵੀਆਂ ਅਤੇ ਪੰਜਾਬੀ ਸੰਸਥਾਵਾਂ ਦੇ ਵੱਡੀ ਗਿਣਤੀ ਵਿਚ ਨੁਮਾਇੰਦੇ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News