ਖਰੜ ''ਚ ਅਣਨਿਯਮਿਤ ਬਿਜਲੀ ਸਪਲਾਈ ''ਤੇ ਵਿਨੀਤ ਜੋਸ਼ੀ ਦਾ ਤਿੱਖਾ ਵਿਰੋਧ, ਤੁਰੰਤ ਕਾਰਵਾਈ ਦੀ ਮੰਗ

Tuesday, Jun 30, 2026 - 08:43 PM (IST)

ਖਰੜ ''ਚ ਅਣਨਿਯਮਿਤ ਬਿਜਲੀ ਸਪਲਾਈ ''ਤੇ ਵਿਨੀਤ ਜੋਸ਼ੀ ਦਾ ਤਿੱਖਾ ਵਿਰੋਧ, ਤੁਰੰਤ ਕਾਰਵਾਈ ਦੀ ਮੰਗ

ਖਰੜ : “ਸਰਕਾਰ ਪੰਜਾਬ ਨੂੰ ਪਾਵਰ ਸਰਪਲੱਸ ਹੋਣ ਦਾ ਦਾਅਵਾ ਕਰਦੀ ਹੈ ਪਰ ਖਰੜ ਦੀ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੀ ਹੈ। ਤਪਦੀ ਗਰਮੀ 'ਚ ਲੋਕ ਘੰਟਿਆਂ ਤੱਕ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਬਿਜਲੀ ਕੱਟਾਂ ਸਹਿਣ ਲਈ ਮਜਬੂਰ ਹਨ, ਜਦਕਿ ਸਰਕਾਰ ਇਸ਼ਤਿਹਾਰਾਂ ਅਤੇ ਪ੍ਰਚਾਰ ਵਿੱਚ ਵਿਆਸਤ ਹੈ। ਇਹ ਪ੍ਰਸ਼ਾਸਨਿਕ ਨਾਕਾਮੀ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ,”। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਮੁਖੀ ਤੇ ਖਰੜ ਵਿਧਾਨ ਸਭਾ ਦੇ ਮੁੱਖ ਸੇਵਾਦਾਰ ਵਿਨੀਤ ਜੋਸ਼ੀ ਨੇ ਖਰੜ ਤੇ ਆਸ-ਪਾਸ ਦੇ ਖੇਤਰਾਂ ਵਿੱਚ ਗਹਿਰੇ ਹੋ ਰਹੇ ਬਿਜਲੀ ਸੰਕਟ ਦੀ ਤਿੱਖੀ ਨਿੰਦਾ ਕਰਦਿਆਂ ਕੀਤਾ।
ਜੋਸ਼ੀ ਨੇ ਕਿਹਾ ਕਿ ਖਰੜ ਖੇਤਰ ਵਿੱਚ ਲਗਾਤਾਰ, ਬਿਨਾਂ ਸੂਚਨਾ ਅਤੇ ਲੰਬੇ ਸਮੇਂ ਤੱਕ ਹੋਣ ਵਾਲੀਆਂ ਬਿਜਲੀ ਕੱਟਾਂ ਹੁਣ ਸਥਾਨਕ ਨਿਵਾਸੀਆਂ ਲਈ ਰੋਜ਼ਾਨਾ ਦੀ ਵੱਡੀ ਸਮੱਸਿਆ ਬਣ ਚੁੱਕੀਆਂ ਹਨ। ਇਸ ਨਾਲ ਘਰੇਲੂ ਜੀਵਨ, ਵਪਾਰਕ ਗਤੀਵਿਧੀਆਂ ਅਤੇ ਜ਼ਰੂਰੀ ਸੇਵਾਵਾਂ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਅਸਰ ਸੀਨੀਅਰ ਨਾਗਰਿਕਾਂ, ਬੱਚਿਆਂ, ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਅਤੇ ਘਰਾਂ ਵਿੱਚ ਬਿਜਲੀ ਨਾਲ ਚੱਲਣ ਵਾਲੇ ਚਿਕਿਤਸਕ ਉਪਕਰਣਾਂ ‘ਤੇ ਨਿਰਭਰ ਮਰੀਜ਼ਾਂ ‘ਤੇ ਪੈ ਰਿਹਾ ਹੈ।

ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਦਰਪਣ ਗ੍ਰੀਨ, ਦਰਪਣ ਸਿਟੀ, ਗਾਰਡਨ ਕਾਲੋਨੀ, ਅਜੀਤ ਐਨਕਲੇਵ, ਗੁਰੂ ਨਾਨਕ ਐਨਕਲੇਵ, ਢੀਂਡਸਾ ਕਾਲੋਨੀ, ਹਿਡਨ ਸਿਟੀ, ਰਣਜੀਤ ਨਗਰ, ਸ਼ਿਵਜੋਤ ਐਨਕਲੇਵ, ਸ਼ਿਵਾਲਿਕ ਸਿਟੀ, ਏਕਮ ਓਅੰਕਾਰ ਸਿਟੀ, ਮੁੰਡੀ ਖਰੜ, ਸਨੀ ਐਨਕਲੇਵ, ਮਾਡਲ ਟਾਊਨ, ਕੰਫਰਟ ਹੋਮਜ਼, ਭਾਗੋ ਮਾਜਰਾ, ਖਾਨਪੁਰ, ਦੀਪ ਨਗਰ, ਫਤਿਹ ਨਗਰ, ਗੁਲਮੋਹਰ ਸਿਟੀ, ਨਿਰਵਾਣਾ ਐਨਕਲੇਵ ਅਤੇ ਅੰਬਿਕਾ ਨਗਰ ਸ਼ਾਮਲ ਹਨ। ਨਿਵਾਸੀਆਂ ਵੱਲੋਂ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਸਥਿਤੀ ਵਿੱਚ ਕੋਈ ਖਾਸ ਸੁਧਾਰ ਨਹੀਂ ਆਇਆ।

ਜੋਸ਼ੀ ਨੇ ਅੱਗੇ ਕਿਹਾ ਕਿ ਅਣਨਿਯਮਿਤ ਬਿਜਲੀ ਸਪਲਾਈ ਕਾਰਨ ਵਪਾਰੀਆਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਗੰਭੀਰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਰੋਜ਼ਾਨਾ ਦੀ ਕਾਰਗੁਜ਼ਾਰੀ ਰੈਫ੍ਰਿਜਰੇਸ਼ਨ, ਮਸ਼ੀਨਰੀ ਅਤੇ ਨਿਰਵਿਘਨ ਬਿਜਲੀ ਸਪਲਾਈ ‘ਤੇ ਨਿਰਭਰ ਹੈ। ਵਾਰ-ਵਾਰ ਬਿਜਲੀ ਬਾਧਿਤ ਹੋਣ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ ਅਤੇ ਬੇਲੋੜਾ ਆਰਥਿਕ ਨੁਕਸਾਨ ਹੋ ਰਿਹਾ ਹੈ। ਤੁਰੰਤ ਦਖਲਅੰਦਾਜ਼ੀ ਦੀ ਮੰਗ ਕਰਦਿਆਂ ਭਾਜਪਾ ਪੰਜਾਬ ਨੇ ਸੂਬਾ ਸਰਕਾਰ ਅਤੇ ਪੀਐਸਪੀਸੀਐਲ ਤੋਂ ਵਾਰ-ਵਾਰ ਹੋ ਰਹੀਆਂ ਬਿਜਲੀ ਕੱਟਾਂ ਦੇ ਮੁੱਖ ਕਾਰਨਾਂ ਦੀ ਪਛਾਣ ਕਰਨ, ਸਥਾਨਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਜੋਸ਼ੀ ਨੇ ਕਿਹਾ ਕਿ ਪ੍ਰਭਾਵਿਤ ਨਾਗਰਿਕਾਂ ਦੀ ਆਵਾਜ਼ ਉਠਾਉਣ ਅਤੇ ਠੋਸ ਸੁਧਾਰਾਤਮਕ ਕਾਰਵਾਈ ਹੋਣ ਤੱਕ ਭਾਜਪਾ ਪੰਜਾਬ ਆਪਣਾ ਸੰਘਰਸ਼ ਜਾਰੀ ਰੱਖੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News