PGI ਦੇ ਲੱਖਾਂ ਮਰੀਜ਼ਾਂ ਲਈ ਵੱਡੀ ਰਾਹਤ, ਹੁਣ ਰਿਪੋਰਟ ਲਈ ਹਰ ਵਾਰ ਹਸਪਤਾਲ ਜਾਣ ਦੀ ਲੋੜ ਨਹੀਂ
Saturday, Jul 04, 2026 - 12:53 PM (IST)
ਚੰਡੀਗੜ੍ਹ (ਸ਼ੀਨਾ) : ਪੀ. ਜੀ. ਆਈ. ’ਚ ਇਲਾਜ ਲਈ ਹਰ ਰੋਜ਼ 10 ਹਜ਼ਾਰ ਤੋਂ ਵੱਧ ਮਰੀਜ਼ ਪਹੁੰਚਦੇ ਹਨ। ਸਾਲ 2025 ਦੌਰਾਨ 28.58 ਲੱਖ ਤੋਂ ਵੱਧ ਮਰੀਜ਼ਾਂ ਨੇ ਪੀ. ਜੀ. ਆਈ. ਦੀ ਓ. ਪੀ. ਡੀ. ’ਚ ਇਲਾਜ ਕਰਵਾਇਆ। ਇਸ ਕਾਰਨ ਹਸਪਤਾਲ ’ਤੇ ਲਗਾਤਾਰ ਦਬਾਅ ਵੱਧ ਰਿਹਾ ਹੈ। ਇਸੇ ਚੁਣੌਤੀ ਨਾਲ ਨਜਿੱਠਣ ਲਈ ਪੀ. ਜੀ. ਆਈ. ਦੀ ਟੈਲੀਮੈਡੀਸਿਨ ਸੇਵਾ ਮਰੀਜ਼ਾਂ ਲਈ ਵੱਡੀ ਰਾਹਤ ਬਣ ਕੇ ਉੱਭਰੀ ਹੈ। ਇਸ ਸੇਵਾ ਰਾਹੀਂ 2 ਲੱਖ ਸਿਹਤ ਸੇਵਾਵਾਂ ਦੀ ਪੁੱਛਗਿੱਛ ਹੋ ਰਹੀ ਹੈ ਅਤੇ ਇਸ ਨਾਲ ਲੋਕਾਂ ਨੂੰ ਮਦਦ ਮਿਲਣ ਨਾਲ ਹੁਣ 4 ਲੱਖ ਤੋਂ ਵੱਧ ਲੋਕ ਨੂੰ ਸਿਹਤ ਸਬੰਧੀ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ, ਜੋ ਪਿਛਲੇ ਕੁੱਝ ਸਾਲਾਂ ਦੇ ਮੁਕਾਬਲੇ ਲਗਭਗ ਦੁੱਗਣੀ ਹੈ। ਪੀ. ਜੀ. ਆਈ. ਦੇ ਟੈਲੀਮੈਡੀਸਿਨ ਵਿਭਾਗ ਦੇ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਪਹਿਲੀ ਵਾਰ ਡਾਕਟਰ ਨੂੰ ਮਿਲਣ ਤੋਂ ਬਾਅਦ ਫਾਲੋਅੱਪ ਲਈ ਹਰ ਵਾਰ ਹਸਪਤਾਲ ਆਉਣ ਦੀ ਲੋੜ ਨਹੀਂ ਪਵੇਗੀ।
ਜਾਂਚ ਤੇ ਡਾਕਟਰੀ ਸਲਾਹ ਆਨਲਾਈਨ ਹੀ ਦਿੱਤੀ ਜਾ ਸਕੇਗੀ, ਇਸ ਨਾਲ ਮਰੀਜ਼ਾਂ ਦਾ ਸਮਾਂ, ਸਫ਼ਰ ਤੇ ਖਰਚ ਤਿੰਨੇ ਬਚਣਗੇ। ਉਨ੍ਹਾਂ ਦੱਸਿਆ ਕਿ ਪੀ. ਜੀ. ਆਈ. ਤੇ ਏਮਜ਼ ਵਰਗੇ ਵੱਡੇ ਸਰਕਾਰੀ ਹਸਪਤਾਲਾਂ ’ਚ ਜਲਦ ਹੀ ਈ-ਸੰਜੀਵਨੀ ਪਲੇਟਫਾਰਮ ਨੂੰ ਹਸਪਤਾਲ ਇਨਫਰਮੇਸ਼ਨ ਸਿਸਟਮ ਨਾਲ ਜੋੜਿਆ ਜਾਵੇਗਾ। ਸੀ. ਆਰ. ਨੰਬਰ ਬਣਨ ਤੋਂ ਬਾਅਦ ਮਰੀਜ਼ ਖੁਦ ਚੁਣ ਸਕੇਗਾ ਕਿ ਅਗਲੀ ਸਲਾਹ ਹਸਪਤਾਲ ਆ ਕੇ ਲੈਣੀ ਹੈ ਜਾਂ ਆਨਲਾਈਨ। ਡਾ. ਅਗਰਵਾਲ ਮੁਤਾਬਕ ਪੀ. ਜੀ. ਆਈ. ’ਚ ਆਉਣ ਵਾਲੇ ਲਗਭਗ 50 ਫ਼ੀਸਦੀ ਮਰੀਜ਼ ਸਿਰਫ਼ ਫਾਲੋਅੱਪ ਲਈ ਆਉਂਦੇ ਹਨ। ਇਨ੍ਹਾਂ ’ਚੋਂ ਬਹੁਤ ਸਾਰੇ ਮਰੀਜ਼ਾਂ ਨੂੰ ਸਿਰਫ ਰਿਪੋਰਟ ਦਿਖਾਉਣ ਜਾਂ ਦਵਾਈ ਬਦਲਵਾਉਣ ਦੀ ਲੋੜ ਹੁੰਦੀ ਹੈ।
ਟੈਲੀਮੈਡੀਸਿਨ ਰਾਹੀਂ ਅਜਿਹੇ ਹਰ ਮਰੀਜ਼ ਦੇ ਲਗਭਗ 972 ਰੁਪਏ ਤੱਕ ਦੀ ਬੱਚਤ ਸੰਭਵ ਹੈ। ਇਸ ਤੋਂ ਇਲਾਵਾ ਪੀ. ਜੀ. ਆਈ. ਟੈਲੀ ਕਾਰਡੀਓਲੋਜੀ, ਟੈਲੀ ਡਰਮੈਟੋਲੋਜੀ, ਟੈਲੀ ਆਈ.ਸੀ.ਯੂ., ਨਿਊਰੋਲੋਜੀ, ਓਂਕੋਲੋਜੀ, ਸਾਈਕਿਆਟਰੀ ਤੇ ਪੇਨ ਮੈਨੇਜਮੈਂਟ ਵਰਗੀਆਂ ਸੇਵਾਵਾਂ ਦਾ ਵੀ ਵਿਸਥਾਰ ਕਰ ਰਿਹਾ ਹੈ। ਸੰਸਥਾ ‘ਹਬ ਐਂਡ ਸਪੋਕ’ ਮਾਡਲ ’ਤੇ ਕੰਮ ਕਰ ਰਹੀ ਹੈ। ਇਸ ਤਹਿਤ ਪ੍ਰਾਇਮਰੀ ਹੈਲਥ ਸੈਂਟਰ ਤੇ ਕਮਿਊਨਿਟੀ ਹੈਲਥ ਸੈਂਟਰ ਮਰੀਜ਼ਾਂ ਲਈ ਪਹਿਲਾ ਸੰਪਰਕ ਕੇਂਦਰ ਹੋਣਗੇ, ਜਿੱਥੇ ਲੋੜ ਪੈਣ ’ਤੇ ਉਨ੍ਹਾਂ ਨੂੰ ਪੀ. ਜੀ. ਆਈ. ਦੇ ਮਾਹਰ ਡਾਕਟਰਾਂ ਨਾਲ ਆਨਲਾਈਨ ਜੋੜਿਆ ਜਾਵੇਗਾ। ਅਗਲੇ ਪੰਜ ਸਾਲਾਂ ’ਚ ਟੈਲੀ ਕਾਰਡੀਓਲੋਜੀ, ਟੈਲੀ ਡਰਮੈਟੋਲੋਜੀ, ਟੈਲੀ ਨਿਊਰੋਲੋਜੀ, ਟੈਲੀ ਆਈ. ਸੀ. ਯੂ. ਅਤੇ ਹੋਰ ਈ-ਹੈਲਥ ਸੇਵਾਵਾਂ ਦਾ ਵੀ ਵਿਸਥਾਰ ਕੀਤਾ ਜਾਵੇਗਾ ਇਸ ਨਾਲ ਦੂਰ-ਦਰਾਜ਼ ਦੇ ਮਰੀਜ਼ਾਂ ਨੂੰ ਆਪਣੇ ਇਲਾਕੇ ’ਚ ਹੀ ਮਾਹਰਾਂ ਦੀ ਸਲਾਹ ਮਿਲ ਸਕੇਗੀ।
