ਪੁਲਵਾਮਾ ਹਮਲੇ ਲਈ Amazon ਤੋਂ ਖਰੀਦੀ ਗਈ ਸੀ ਧਮਾਕਾਖੇਜ਼ ਸਮੱਗਰੀ, FATF ਦੀ ਰਿਪੋਰਟ ’ਚ ਖੁਲਾਸਾ
Wednesday, Jul 09, 2025 - 10:01 AM (IST)

ਨਵੀਂ ਦਿੱਲੀ- ਵਿਸ਼ਵ ਪੱਧਰੀ ਅੱਤਵਾਦ ਵਿੱਤ ਪੋਸ਼ਣ ਨਿਗਰਾਨੀ ਸੰਸਥਾ ਐੱਫ.ਏ.ਟੀ.ਐੱਫ. ਨੇ ਫਰਵਰੀ 2019 ’ਚ ਪੁਲਵਾਮਾ ਅੱਤਵਾਦੀ ਹਮਲੇ ਅਤੇ ਗੋਰਖਨਾਥ ਮੰਦਰ ਵਿਚ ਹੋਈ 2022 ਦੀ ਘਟਨਾ ਦਾ ਹਵਾਲਾ ਦਿੰਦਿਆਂ ਮੰਗਲਵਾਰ ਨੂੰ ਕਿਹਾ ਕਿ ਈ-ਕਾਮਰਸ ਮੰਚ ਅਤੇ ਆਨਲਾਈਨ ਭੁਗਤਾਨ ਸੇਵਾਵਾਂ ਦੀ ਦੁਰਵਰਤੋਂ ਅੱਤਵਾਦ ਦੇ ਵਿੱਤ ਪੋਸ਼ਣ ਲਈ ਕੀਤੀ ਜਾ ਰਹੀ ਹੈ। ਪੁਲਵਾਮਾ ਅੱਤਵਾਦੀ ਹਮਲੇ ’ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ 40 ਜਵਾਨ ਸ਼ਹੀਦ ਹੋ ਗਏ ਸਨ।
ਐੱਫ. ਏ. ਟੀ. ਐੱਫ. ਨੇ ਭਾਰਤ ’ਚ ਅੱਤਵਾਦੀ ਹਮਲੇ ਲਈ ਸਮੱਗਰੀ ਦੀ ਖਰੀਦ ਦੇ ਮਕਸਦ ਲਈ ਈ-ਕਾਮਰਸ ਮੰਚਾਂ ਦੀ ਵਰਤੋਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਮਲੇ ’ਚ ਵਰਤੇ ਗਏ ‘ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ’ (ਆਈ. ਈ. ਡੀ.) ਦੇ ਇਕ ਪ੍ਰਮੁੱਖ ਭਾਈਵਾਲ ਐਲੂਮੀਨੀਅਮ ਪਾਊਡਰ ਨੂੰ ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਰਾਹੀਂ ਖਰੀਦਿਆ ਗਿਆ ਸੀ। ਇਸ ਸਮੱਗਰੀ ਦੀ ਵਰਤੋਂ ਧਮਾਕੇ ਦੇ ਪ੍ਰਭਾਵ ਨੂੰ ਵਧਾਉਣ ਲਈ ਕੀਤੀ ਗਈ ਸੀ।
ਐੱਫ. ਏ. ਟੀ. ਐੱਫ. ਨੇ ‘‘ਅੱਤਵਾਦੀ ਵਿੱਤ ਪੋਸ਼ਣ ਜੋਖਮਾਂ ’ਤੇ ਆਪਣੇ ਵਿਆਪਕ ਅਪਡੇਟ’ ’ਚ, ‘ਅੱਤਵਾਦ ਨੂੰ ਸਰਕਾਰ ਵੱਲੋਂ ਪ੍ਰਾਯੋਜਿਤ’ ਕੀਤੇ ਜਾਣ ਨੂੰ ਵੀ ਪਛਾਣਦੇ ਹੋਏ ਕਿਹਾ ਕਿ ਇਸ ਰਿਪੋਰਟ ਵਿਚ ਜਨਤਕ ਤੌਰ ’ਤੇ ਮੁਹੱਈਆ ਸੂਚਨਾ ਦੇ ਵੱਖ-ਵੱਖ ਸਰੋਤਾਂ ਅਤੇ ਇਸ ਰਿਪੋਰਟ ਵਿਚ ਵਫਦਾਂ ਦੇ ਵਿਚਾਰ ਤੋਂ ਇਹ ਸੰਕੇਤ ਮਿਲਦਾ ਹੈ ਕਿ ‘ਕੁਝ ਅੱਤਵਾਦੀ ਸੰਗਠਨਾਂ ਨੂੰ ਕਈ ਦੇਸ਼ਾਂ ਦੀਆਂ ਸਰਕਾਰਾਂ ਤੋਂ ਵਿੱਤੀ ਅਤੇ ਹੋਰ ਕਿਸਮ ਦਾ ਸਮਰਥਨ ਪ੍ਰਾਪਤ ਹੁੰਦਾ ਰਿਹਾ ਹੈ ਜੋ ਅਜੇ ਵੀ ਮਿਲ ਰਿਹਾ ਹੈ।’’
ਐੱਫ. ਏ. ਟੀ. ਐੱਫ. ਨੇ ਅਪ੍ਰੈਲ 2025 ਵਿਚ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਜੂਨ ’ਚ ਕਿਹਾ ਸੀ ਕਿ ਵਿੱਤੀ ਸਹਾਇਤਾ ਤੋਂ ਬਿਨਾਂ ਅਜਿਹੇ ਹਮਲੇ ਸੰਭਵ ਨਹੀਂ ਸਨ। ਉਸ ਨੇ ਕਿਹਾ ਕਿ ਇਹ 200 ਅਧਿਕਾਰ ਖੇਤਰਾਂ ਦੇ ਆਪਣੇ ਗਲੋਬਲ ਨੈੱਟਵਰਕ ਦੁਆਰਾ ਮੁਹੱਈਆ ਕੀਤੇ ਗਏ ਮਾਮਲਿਆਂ ਨੂੰ ਇਕੱਠਾ ਕਰਦੇ ਹੋਏ ‘ਅੱਤਵਾਦੀ ਵਿੱਤ ਪੋਸ਼ਣ ਦਾ ਵਿਆਪਕ ਵਿਸ਼ਲੇਸ਼ਣ’ ਕਰੇਗਾ। ਗੋਰਖਨਾਥ ਮੰਦਰ ’ਚ ਹਮਲਾ ਕਰਨ ਵਾਲੇ ਨੇ ‘ਪੇਪਾਲ’ ਰਾਹੀਂ ਆਨਲਾਈਨ ਭੁਗਤਾਨ ਸੇਵਾ ਅਤੇ ਵੀ. ਪੀ. ਐੱਨ. ਦੀ ਵਰਤੋਂ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਜਿਸ ਵਿਚ ਅੱਤਵਾਦੀ ਕਾਰਿਆਂ ਨੂੰ ਸਿਰਫ਼ ਇਕ ਵਿਅਕਤੀ ਅੰਜਾਮ ਦਿੰਦਾ ਹੈ। ਇਸ ਦੇ ਲਈ ਉਸ ਨੇ 3 ਅਪ੍ਰੈਲ, 2022 ਨੂੰ ਗੋਰਖਨਾਥ ਮੰਦਰ ’ਚ ਘੁਸਪੈਠ ਦੀ ਕੋਸ਼ਿਸ਼ ਦੀ ਘਟਨਾ ਦੀ ਉਦਾਹਰਣ ਦਿੱਤੀ।
ਗੋਰਖਨਾਥ ਮੰਦਰ ਵਿਚ ‘ਇਸਲਾਮਿਕ ਸਟੇਟ ਇਨ ਇਰਾਕ ਐਂਡ ਦਿ ਲੇਵੈਂਟ’ (ਆਈ. ਐੱਸ. ਆਈ. ਐੱਲ.) ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਇਕ ਹਮਲਾਵਰ ਨੇ ਸੁਰੱਖਿਆ ਮਲਾਜ਼ਮਾਂ ’ਤੇ ਹਮਲਾ ਕੀਤਾ ਸੀ। ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਸੀ। ਵਿੱਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਆਈ. ਐੱਸ. ਆਈ. ਐੱਲ. ਦੇ ਸਮਰਥਨ ਵਿਚ ‘ਪੇਪਾਲ’ ਰਾਹੀਂ 6,69,841 ਰੁਪਏ ਵਿਦੇਸ਼ ਭੇਜੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8