ਪੁਲਵਾਮਾ ਹਮਲਾ : ਬੈਠਕ 'ਚ ਸਾਰੇ ਦਲਾਂ ਨੇ ਕਿਹਾ- 'ਅੱਤਵਾਦ ਵਿਰੁੱਧ ਇਕਜੁੱਟ ਹਾਂ'

Saturday, Feb 16, 2019 - 04:09 PM (IST)

ਪੁਲਵਾਮਾ ਹਮਲਾ : ਬੈਠਕ 'ਚ ਸਾਰੇ ਦਲਾਂ ਨੇ ਕਿਹਾ- 'ਅੱਤਵਾਦ ਵਿਰੁੱਧ ਇਕਜੁੱਟ ਹਾਂ'

ਨਵੀਂ ਦਿੱਲੀ (ਭਾਸ਼ਾ)— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸਾ ਹੈ। ਇਸ ਹਮਲੇ 'ਚ 40 ਫੌਜੀ ਜਵਾਨ ਸ਼ਹੀਦ ਹੋ ਗਏ। ਇਹ ਹਮਲਾ ਹੁਣ ਤਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ, ਜਿਸ ਨੂੰ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। 14 ਫਰਵਰੀ ਦਾ ਦਿਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਭਿਆਨਕ ਅੱਤਵਾਦੀ ਹਮਲੇ ਮਗਰੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਦਿੱਲੀ 'ਚ ਸ਼ਨੀਵਾਰ ਸਾਰੇ ਦਲਾਂ ਦੀ ਬੈਠਕ ਹੋਈ। ਬੈਠਕ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਇਕਜੁਟ ਹੋ ਕੇ ਅੱਤਵਾਦ ਨੂੰ ਉਖਾੜ ਸੁੱਟਾਂਗੇ। ਜੰਮੂ-ਕਸ਼ਮੀਰ ਵਿਚ ਅਮਨ ਚੈਨ ਪੂਰੀ ਤਰ੍ਹਾਂ ਬਹਾਲ ਹੋਵੇਗਾ। ਇਸ ਦੌਰਾਨ ਸਾਰੇ ਦਲਾਂ ਦੇ ਨੇਤਾਵਾਂ ਨੇ ਮੌਨ ਰੱਖ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਅਸੀਂ ਦੇਸ਼ ਦੀ ਏਕਤਾ, ਅਖੰਡਤਾ ਲਈ ਸਰਕਾਰ ਅਤੇ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਖੜ੍ਹੇ ਹਾਂ। ਕਸ਼ਮੀਰ ਹੋਵੇ ਜਾਂ ਦੇਸ਼ ਦਾ ਕੋਈ ਦੂਜਾ ਹਿੱਸਾ, ਕਾਂਗਰਸ ਪਾਰਟੀ ਅੱਤਵਾਦ ਵਿਰੁੱਧ ਲੜਾਈ ਵਿਚ ਸਰਕਾਰ ਨੂੰ ਪੂਰਾ ਸਮਰਥਨ ਦਿੰਦੀ ਹੈ।


ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਬੈਠਕ ਬੁਲਾਈ ਹੈ, ਜਿਸ ਵਿਚ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਜੋਤੀਰਾਦਿਤਿਅ ਸਿੰਧੀਆ, ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ ਅਤੇ ਡੈਰੇਕ ਓਜਬਰਾਇਨ, ਸ਼ਿਵਸੈਨਾ ਦੇ ਸੰਜੇ ਰਾਊਤ, ਤੇਲੰਗਾਨਾ ਰਾਸ਼ਟਰ ਕਮੇਟੀ ਦੇ ਜਤਿੰਦਰ ਰੈੱਡੀ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਅਤੇ ਲੋਜਪਾ ਦੇ ਰਾਮਵਿਲਾਸ ਪਾਸਵਾਨ ਸਮੇਤ ਹੋਰ ਕਈ ਨੇਤਾ ਸ਼ਾਮਲ ਹੋਏ। ਅਕਾਲੀ ਦਲ ਦੇ ਨਰੇਸ਼ ਗੁਜਰਾਲ, ਰਾਲੋਸਪਾ ਦੇ ਉਪੇਂਦਰ ਕੁਸ਼ਵਾਹਾ ਅਤੇ ਰਾਜਦ ਜੈਪ੍ਰਕਾਸ਼ ਨਾਰਾਇਣ ਯਾਦਵ ਨੇ ਵੀ ਬੈਠਕ 'ਚ ਹਿੱਸਾ ਲਿਆ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਲਾਂ ਨੂੰ ਪੁਲਵਾਮਾ ਵਿਚ ਹੋਏ ਹਮਲੇ ਅਤੇ ਸਰਕਾਰ ਨੇ ਹੁਣ ਤਕ ਇਸ ਸਬੰਧ 'ਚ ਕੀ-ਕੀ ਕਦਮ ਚੁੱਕੇ ਹਨ, ਇਸ ਬਾਰੇ ਸੂਚਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਵਾਹਨ 'ਤੇ ਆਈ. ਈ. ਡੀ. ਧਮਾਕਾ ਕੀਤਾ ਗਿਆ, ਜਿਸ 'ਚ 40 ਜਵਾਨ ਸ਼ਹੀਦ ਹੋ ਗਏ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।


author

Tanu

Content Editor

Related News