ਸਿੱਖ ਦੀ ਪੱਗੜੀ ਖਿੱਚਣ ਦਾ ਮਾਮਲਾ; ਭਾਜਪਾ ਨੇਤਾ ਨੇ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ
Sunday, Oct 11, 2020 - 04:20 PM (IST)
ਨਵੀਂ ਦਿੱਲੀ/ਪੱਛਮੀ ਬੰਗਾਲ— ਬੀਤੇ ਦਿਨੀਂ ਪੱਛਮੀ ਬੰਗਾਲ ਦੇ ਹਾਵੜਾ ਵਿਚ ਭਾਜਪਾ ਦੀ ਰੈਲੀ ਦੌਰਾਨ ਇਕ ਸਿੱਖ ਵਿਅਕਤੀ ਬਲਵਿੰਦਰ ਸਿੰਘ ਦੀ ਪੁਲਸ ਵਲੋਂ ਹਮਲਾ ਕੀਤੇ ਜਾਣ ਅਤੇ ਉਸ ਦੀ ਪੱਗੜੀ ਖਿੱਚੇ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਭਾਜਪਾ ਪਾਰਟੀ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ਸਰਕਾਰ ਨੇ ਅਜਿਹਾ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਭਾਜਪਾ ਨੇ ਇਸ ਮਾਮਲੇ ਦੀ ਸ਼ਿਕਾਇਤ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੀ ਹੈ। ਓਧਰ ਘੱਟ ਗਿਣਤੀ ਕਮਿਸ਼ਨ ਨੇ ਇਸ ਮਾਮਲੇ ਨੂੰ ਆਪਣੇ ਧਿਆਨ 'ਚ ਲੈਂਦੇ ਹੋਏ ਦੋਸ਼ੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਦਰਅਸਲ ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਆਤਿਫ਼ ਰਸ਼ੀਦ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਟਵਿੱਟਰ 'ਤੇ ਟਵੀਟ ਕੀਤਾ ਸੀ ਕਿ ਸਿੱਖ ਵਿਅਕਤੀ ਬਲਵਿੰਦਰ ਸਿੰਘ ਦੀ ਪੱਗੜੀ ਖਿੱਚਣ ਦੇ ਦੋਸ਼ ਵਿਚ ਪੱਛਮੀ ਬੰਗਾਲ ਪੁਲਸ ਖ਼ਿਲਾਫ਼ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਵਿਚ ਸ਼ਿਕਾਇਤ ਦਰਜ ਕੀਤੀ ਗਈ ਹੈ। ਮੈਂ ਆਤਿਫ਼ ਰਸ਼ੀਦ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ 'ਚ ਸਖਤ ਕਾਰਵਾਈ ਕਰਨ।
ਬੱਗਾ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਆਤਿਫ਼ ਨੇ ਲਿਖਿਆ ਕਿ ਮੈਂ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੋਣ ਦੇ ਨਾਅਤੇ ਤੁਰੰਤ ਤੁਹਾਡੀ ਇਸ ਸ਼ਿਕਾਇਤ ਨੂੰ ਆਪਣੇ ਧਿਆਨ 'ਚ ਲਿਆ ਹੈ ਅਤੇ ਕਮਿਸ਼ਨ 'ਚ ਕੱਲ ਤੱਕ ਇਸ ਸੰਬੰਧ 'ਚ ਉੱਚਿਤ ਕਾਰਵਾਈ ਸ਼ੁਰੂ ਹੋ ਜਾਵੇਗੀ। ਭਾਜਪਾ ਨੇਤਾ ਨੇ ਇਸ ਦੇ ਨਾਲ ਹੀ ਲਿਖਿਆ ਕਿ ਮੇਰੀ ਸ਼ਿਕਾਇਤ 'ਤੇ ਬੰਗਾਲ ਦੀ ਪੁਲਸ ਖ਼ਿਲਾਫ ਨੋਟਿਸ ਲੈਣ ਲਈ ਦਿਲੋਂ ਧੰਨਵਾਦ।
ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੇ ਹਾਵੜਾ ਵਿਚ ਭਾਜਪਾ ਦੀ ਇਕ ਰੈਲੀ ਦੌਰਾਨ ਸਿੱਖ ਵਿਅਕਤੀ ਬਲਵਿੰਦਰ ਸਿੰਘ 'ਤੇ ਪੁਲਸ ਵਲੋਂ ਧੱਕਾ-ਮੁੱਕੀ ਕੀਤੇ ਜਾਣ ਅਤੇ ਉਸ ਦੀ ਪੱਗੜੀ ਖਿੱਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓ ਪ੍ਰਸਾਰਿਤ ਹੋਣ ਨਾਲ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਪੁਲਸ ਮੁਤਾਬਕ ਉਕਤ ਸਿੱਖ ਕੋਲੋਂ ਪਿਸਤੌਲ ਜ਼ਬਤ ਕੀਤੀ ਗਈ ਹੈ। ਉਸ ਦੀ ਪੱਗੜੀ ਝੜਪ ਦੌਰਾਨ ਖ਼ੁਦ ਹੀ ਡਿੱਗ ਗਈ ਸੀ।
ਇਹ ਵੀ ਪੜ੍ਹੋ: ਸਾਬਕਾ ਫ਼ੌਜੀ ਨਾਲ ਧੱਕਾ-ਮੁੱਕੀ ਕਰ ਕੇ ਖਿੱਚੀ ਪੱਗੜੀ, ਮਮਤਾ ਸਰਕਾਰ 'ਤੇ ਫੁਟਿਆ ਗੁੱਸਾ