ਆਪਣੇ ਨਾਂ ਦੀਆਂ ਬ੍ਰਾਂਡਿਡ ਦਵਾਈਆਂ ਤਿਆਰ ਕਰਵਾ ਕੇ ਵੇਚ ਰਹੇ ਮਨੋਰੋਗ ਮਾਹਿਰਾਂ ’ਤੇ ਸਰਕਾਰ ਦਾ ਨਹੀਂ ਕੰਟਰੋਲ

Wednesday, Jan 18, 2023 - 11:37 AM (IST)

ਆਪਣੇ ਨਾਂ ਦੀਆਂ ਬ੍ਰਾਂਡਿਡ ਦਵਾਈਆਂ ਤਿਆਰ ਕਰਵਾ ਕੇ ਵੇਚ ਰਹੇ ਮਨੋਰੋਗ ਮਾਹਿਰਾਂ ’ਤੇ ਸਰਕਾਰ ਦਾ ਨਹੀਂ ਕੰਟਰੋਲ

ਜਲੰਧਰ, (ਨੈਸ਼ਨਲ ਡੈਸਕ)– ਉਮਰ ਦੇ ਨਾਲ ਬੀਮਾਰੀਆਂ ਵਧਣ ਲੱਗਦੀਆਂ ਹਨ। ਭੱਜ-ਦੌੜ ਭਰੀ ਜ਼ਿੰਦਗੀ ਅਤੇ ਆਧੁਨਿਕ ਜੀਵਨ ਸ਼ੈਲੀ ਲੋਕਾਂ, ਖਾਸ ਤੌਰ ’ਤੇ ਨੌਜਵਾਨਾਂ ਦੀ ਸਿਹਤ ’ਤੇ ਤੇਜ਼ੀ ਨਾਲ ਮਾੜਾ ਅਸਰ ਪਾ ਰਹੀ ਹੈ।

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਦਿਮਾਗੀ ਬੀਮਾਰੀਆਂ ਦਾ ਸਾਹਮਣਾ ਕਰ ਰਹੇ 50 ਫੀਸਦੀ ਲੋਕ ਅੱਲੜ੍ਹ ਉਮਰ ਵਾਲੇ ਹਨ। ਇਹ ਵੀ ਸੱਚ ਹੈ ਕਿ ਪਹਿਲੇ 6 ਮਹੀਨੇ ਤਕ ਤਾਂ ਦਿਮਾਗੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਵਿਅਕਤੀਆਂ ਨੂੰ ਇਲਾਜ ਹੀ ਨਹੀਂ ਮਿਲਦਾ। ਜਦੋਂ ਦਿਮਾਗੀ ਡਿਪ੍ਰੈਸ਼ਨ ਵਧ ਜਾਂਦਾ ਹੈ ਤਾਂ ਉਹ ਡਾਕਟਰ ਕੋਲ ਜਾਂਦੇ ਹਨ ਪਰ ਅੱਜ ਦੇ ਸਮੇਂ ’ਚ ਦਿਮਾਗੀ ਤੌਰ ’ਤੇ ਬੀਮਾਰ ਮਰੀਜ਼ਾਂ ਦਾ ਇਲਾਜ ਬਹੁਤ ਵੱਡਾ ਗੋਰਖ ਧੰਦਾ ਬਣ ਚੁੱਕਾ ਹੈ।

ਹਰ 8ਵਾਂ ਵਿਅਕਤੀ ਮਨੋਰੋਗੀ

ਗਵਰਨਮੈਂਟ ਮੈਡੀਕਲ ਕਾਲਜ ਐਂਡ ਹਾਸਪੀਟਲ (ਜੀ. ਐੱਮ. ਸੀ. ਐੱਚ.) ਚੰਡੀਗੜ੍ਹ ਅਤੇ ਮੈਂਟਲ ਹੈਲਥ ਐਂਡ ਨਿਊਰੋਸਾਇੰਸਿਜ਼ ਬੈਂਗਲੁਰੂ ਦੀ ਇਕ ਰਿਪੋਰਟ ਮੁਤਾਬਕ ਹਰ 8ਵਾਂ ਵਿਅਕਤੀ ਮਨੋਰੋਗੀ ਹੈ। ਇਨ੍ਹਾਂ ਵਿਚੋਂ ਸਿਰਫ 20 ਫੀਸਦੀ ਨੂੰ ਹੀ ਇਲਾਜ ਮਿਲਦਾ ਹੈ। ਇਸ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਸਭ ਤੋਂ ਵੱਡਾ ਕਾਰਨ ਜਾਗਰੂਕਤਾ ਦੀ ਕਮੀ, ਦੂਜਾ ਕਾਰਨ ਡਾਕਟਰਾਂ ਦੀ ਕਮੀ ਅਤੇ ਤੀਜਾ ਅਹਿਮ ਕਾਰਨ ਸਾਲਾਂ ਤਕ ਚੱਲਣ ਵਾਲਾ ਮਹਿੰਗਾ ਇਲਾਜ ਹੈ।

ਹੈਰੋਇਨ ਦੀ ਆਦਤ ਨਾਲ ਵੀ ਮਨੋਰੋਗੀ ਬਣ ਰਹੇ ਹਨ ਨੌਜਵਾਨ

ਹੈਰੋਇਨ ਦੀ ਸਮੱਗਲਿੰਗ ਕਿਸੇ ਇਕ ਸੂਬੇ ਦੀ ਸਮੱਸਿਆ ਨਹੀਂ। ਹਰ ਸੂਬੇ ’ਚ ਬੈਠੇ ਸਮੱਗਲਰ ਨੌਜਵਾਨ ਪੀੜ੍ਹੀ ਨੂੰ ਹੈਰੋਇਨ ਦੀ ਆਦਤ ਲਾ ਕੇ ਮਨੋਰੋਗੀ ਬਣਾ ਰਹੇ ਹਨ। ਮਨੋਰੋਗ ਮਾਹਿਰ ਦੱਸਦੇ ਹਨ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਪਰਿਵਾਰਕ ਪਿਛੋਕੜ ਮਾਇਨੇ ਨਹੀਂ ਰੱਖਦਾ। ਹੈਰੋਇਨ ਦੀ ਵਰਤੋਂ ਸਰੀਰ ’ਤੇ ਕਾਫੀ ਮਾੜਾ ਅਸਰ ਪਾਉਂਦੀ ਹੈ। ਨਸ਼ੇ ਦੀ ਆਦਤ ਛੁਡਵਾਉਣਾ ਕਾਫੀ ਤਕਲੀਫਦੇਹ ਹੁੰਦਾ ਹੈ।

ਤੇਜ਼ੀ ਨਾਲ ਵਧ ਰਹੀ ਹੈ ਗਿਣਤੀ

ਇਕ ਅਧਿਐਨ ਰਿਪੋਰਟ ਮੁਤਾਬਕ ਦੇਸ਼ ਵਿਚ 21 ਫੀਸਦੀ ਦੀ ਦਰ ਨਾਲ ਮਨੋਰੋਗੀ ਵਧ ਰਹੇ ਹਨ। ਇਹ ਅੰਕੜਾ ਸਿਰਫ ਸਰਕਾਰੀ ਹਸਪਤਾਲਾਂ ’ਚ ਪਹੁੰਚ ਰਹੇ ਲੋਕਾਂ ਦੀ ਗਿਣਤੀ ਦੇ ਆਧਾਰ ’ਤੇ ਦੱਸਿਆ ਗਿਆ ਹੈ ਪਰ ਪ੍ਰਾਈਵੇਟ ਹਸਪਤਾਲਾਂ ’ਚ ਪਹੁੰਚ ਰਹੇ ਮਨੋਰੋਗੀਆਂ ਨੂੰ ਵੀ ਨਾਲ ਜੋੜ ਲਿਆ ਜਾਵੇ ਤਾਂ ਇਹ ਗਿਣਤੀ ਕਾਫੀ ਵਧ ਸਕਦੀ ਹੈ।

ਕੁਝ ਸਾਲ ਪਹਿਲਾਂ ਇਲਾਜ ਲਈ ਗਿਣੀਆਂ-ਚੁਣੀਆਂ ਦਵਾਈਆਂ ਹੁੰਦੀਆਂ ਸਨ ਅਤੇ ਡਾਕਟਰ ਦੀ ਪਰਚੀ ’ਤੇ ਮੈਡੀਕਲ ਸਟੋਰਾਂ ਤੋਂ ਮਿਲ ਜਾਂਦੀਆਂ ਸਨ ਪਰ ਜਦੋਂ ਤੋਂ ਜ਼ਿਆਦਾਤਰ ਡਾਕਟਰ ਕੰਪਨੀਆਂ ਨਾਲ ਮਿਲ ਕੇ ਗੋਰਖ ਧੰਦਾ ਕਰਨ ਲੱਗੇ ਹਨ, ਉਸ ਵੇਲੇ ਤੋਂ ਕਿਸੇ ਨੂੰ ਸਹੀ ਮਾਇਨੇ ’ਚ ਮਨੋਰੋਗੀ ਨੂੰ ਦਿੱਤੀ ਜਾਣ ਵਾਲੀ ਦਵਾਈ ਦਾ ਪਤਾ ਹੀ ਨਹੀਂ ਲੱਗਦਾ।

ਸਰਕਾਰ ਨਿਭਾਵੇ ਜ਼ਿੰਮੇਵਾਰੀ

ਦਵਾਈਆਂ ਦੇ ਗੋਰਖ ਧੰਦੇ ’ਚ ਹੋ ਰਹੀ ਲੁੱਟ ਤੋਂ ਬਚਾਉਣ ਲਈ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਜਿਹੜੀ ਦਵਾਈ ਹਸਪਤਾਲਾਂ ’ਚ ਦਿੱਤੀ ਜਾਂਦੀ ਹੈ, ਉਸ ਨਾਂ ਦੀ ਦਵਾਈ ਹਰ ਕੈਮਿਸਟ ਸ਼ਾਪ ’ਤੇ ਮਿਲਣੀ ਚਾਹੀਦੀ ਹੈ ਅਤੇ ਦਵਾਈਆਂ ਦੇ ਰੇਟ ਵੀ ਬਰਾਬਰ ਹੋਣੇ ਚਾਹੀਦੇ ਹਨ।

ਇਕੋ ਸਾਲਟ ਦੀਆਂ ਵੱਖ-ਵੱਖ ਕੰਪਨੀਆਂ ਦੀ ਦਵਾਈ ਦੇ ਵੱਖ-ਵੱਖ ਰੇਟ ਹਨ, ਜੋ ਲੋਕਾਂ ਦੇ ਪੈਸੇ ਦੀ ਖੁੱਲ੍ਹੀ ਲੁੱਟ ਹੈ। ਨਾਲ ਹੀ ਸਰਕਾਰ ਨੂੰ ਇਹ ਕਦਮ ਵੀ ਚੁੱਕਣਾ ਚਾਹੀਦਾ ਹੈ ਕਿ ਕੋਈ ਕੰਪਨੀ ਸਾਲ ਵਿਚ ਇਕੋ ਵਾਰ ਕਿੰਨੇ ਫੀਸਦੀ ਤਕ ਦਵਾਈ ਦੇ ਰੇਟ ਵਧਾ ਸਕਦੀ ਹੈ।


author

Rakesh

Content Editor

Related News