ਨਈਮ ਅਖ਼ਤਰ ਅਤੇ ਹਿਲਾਲ ਅਹਿਮਦ ਲੋਨ ਦੀ ਜਨ ਸੁਰੱਖਿਆ ਕਾਨੂੰਨ ਦੇ ਤਹਿਤ ਹਿਰਾਸਤ ਖਤਮ
Thursday, Jun 18, 2020 - 08:27 PM (IST)
ਸ਼੍ਰੀਨਗਰ (ਭਾਸ਼ਾ) : ਨੈਸ਼ਨਲ ਕਾਨਫਰੰਸ ਦੇ ਲੋਕਸਭਾ ਸੰਸਦ ਮੈਂਬਰ ਮੁਹੰਮਦ ਅਕਬਰ ਲੋਨ ਦੇ ਬੇਟੇ ਹਿਲਾਲ ਅਹਿਮਦ ਅਤੇ ਪੀ.ਡੀ.ਪੀ. ਨੇਤਾ ਨਈਮ ਅਖ਼ਤਰ ਦੀ ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਦੇ ਤਹਿਤ ਹਿਰਾਸਤ ਵੀਰਵਾਰ ਨੂੰ ਖਤਮ ਹੋ ਗਈ।
ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੇ ਪੀ.ਐੱਸ.ਏ. ਦੇ ਤਹਿਤ ਨਈਮ ਅਖ਼ਤਰ ਅਤੇ ਹਿਲਾਲ ਅਹਿਮਦ ਲੋਨ ਦੀ ਹਿਰਾਸਤ ਨੂੰ ਖਤਮ ਕਰ ਦਿੱਤਾ ਹੈ। ਇਸ ਨਾਲ 2 ਦਿਨ ਪਹਿਲਾਂ ਜੰਮੂ-ਕਸ਼ਮੀਰ ਹਾਈਕੋਰਟ ਨੇ ਨੈਸ਼ਨਲ ਕਾਨਫਰੰਸ ਦੇ ਜਨਰਲ ਸੱਕਤਰ ਅਲੀ ਮੁਹੰਮਦ ਸਾਗਰ ਦੀ ਪੀ.ਐੱਸ.ਏ. ਦੇ ਤਹਿਤ ਹਿਰਾਸਤ ਖਤਮ ਕਰ ਦਿੱਤੀ ਸੀ। 6 ਵਾਰ ਵਿਧਾਇਕ ਰਹਿ ਚੁੱਕੇ ਸਾਗਰ ਨੂੰ 10 ਮਹੀਨੇ ਬਾਅਦ ਬੁੱਧਵਾਰ ਨੂੰ ਰਿਹਾਅ ਕੀਤਾ ਗਿਆ।
ਅਖ਼ਤਰ ਮੁੱਖਧਾਰਾ ਦੇ ਉਨ੍ਹਾਂ ਦਰਜਨਾਂ ਨੇਤਾਵਾਂ 'ਚੋਂ ਇੱਕ ਹਨ, ਜਿਨ੍ਹਾਂ ਨੂੰ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈ ਕੇ ਉਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡੇ ਜਾਣ ਤੋਂ ਬਾਅਦ ਰੋਕਥਾਮ ਹਿਰਾਸਤ 'ਚ ਲੈ ਲਿਆ ਗਿਆ ਸੀ। ਅਖ਼ਤਰ ਤੋਂ ਇਲਾਵਾ ਜਿਨ੍ਹਾਂ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ ਉਨ੍ਹਾਂ 'ਚ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਅਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਸ਼ਾਮਲ ਹਨ। ਇਹ ਤਿੰਨੋਂ ਨੇਤਾ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।