ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਰਾਹੁਲ ਬੋਲੇ- ਅਮੀਰਾਂ ਦੇ ਲਾਭ ਲਈ ਗ਼ਰੀਬਾਂ ਨੂੰ ਲੁੱਟ ਰਹੀ ਸਰਕਾਰ
Thursday, Mar 31, 2022 - 01:22 PM (IST)
ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਸਾਂਸਦਾਂ ਨੇ ਪਾਰਟੀ ਦੀ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਤਹਿਤ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਸੀ.ਐੱਨ.ਜੀ. ਦੀਆਂ ਕੀਮਤਾਂ ’ਚ ਵਾਧੇ ਖ਼ਿਲਾਫ਼ ਵੀਰਵਾਰ ਨੂੰ ਸੰਸਦ ਦੇ ਨੇੜੇ ਧਰਨਾ ਦਿੱਤਾ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਨੂੰ ਤੈਅ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਕਰਨਾ ਚਾਹੀਦਾ ਕਿਉਂਕਿ ਮਹਿੰਗਾਈ ਦੀ ਸਭ ਤੋਂ ਜ਼ਿਆਦਾ ਮਾਰ ਗਰੀਬਾਂ ਅਤੇ ਮੱਧ ਵਰਗ ਦੇ ਲੋਕਾਂ ’ਤੇ ਪੈ ਰਹੀ ਹੈ।
ਪਾਰਟੀ ਸਾਂਸਦਾਂ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ ਡੇਢ ਘੰਟਾ ਪਹਿਲਾਂ ਵਿਜੇ ਚੌਂਕ ’ਤੇ ਕਾਂਗਰਸ ਦੀ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਤਹਿਤ ਧਰਨਾ ਦਿੱਤਾ। ਇਸ ਵਿਚ ਰਾਹੁਲ ਗਾਂਧੀ ਤੋਂ ਇਲਾਵਾ ਲੋਕ ਸਭਾ ’ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ, ਰਾਜ ਸਭਾ ’ਚ ਨੇਤਾ ਪ੍ਰਤੀਪੱਖ ਮੱਲਿਕਾਰਜੁਨ ਖੜਗੇ, ਕਾਂਗਰਸ ਦੇ ਸੰਗਠਨ ਸਕੱਤਰ ਕੇ.ਸੀ. ਵੇਣੁਗੋਪਾਲ ਅਤੇ ਕਈ ਹੋਰ ਸਾਂਸਦ ਸ਼ਾਮਿਲ ਹੋਏ। ਕਾਂਗਰਸ ਸਾਂਸਦਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਇਸ ਧਰਨੇ ਤੋਂ ਬਾਅਦ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘ਮਹਿੰਗਾਈ, ਖਾਸਕਰਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਖ਼ਿਲਾਫ਼ ਕਾਂਗਰਸ ਪਾਰਟੀ ਪੂਰੇ ਦੇਸ਼ ’ਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਪਿਛਲੇ 10 ਦਿਨਾਂ ’ਚ 9 ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਸਰਕਾਰ ਇਸ ਵਾਧੇ ਨਾਲ ਹਜ਼ਾਰਾਂ-ਕਰੋੜਾਂ ਰੁਪਏ ਕਮਾ ਰਹੀ ਹੈ। ਇਸਦੀ ਸਭ ਤੋਂ ਜ਼ਿਆਦਾ ਅਸਰ ਗਰੀਬਾਂ ਅਤੇ ਮੱਧ ਵਰਗ ਦੇ ਲੋਕਾਂ ’ਤੇ ਪੈਂਦਾ ਹੈ।’ ਉਨ੍ਹਾਂ ਇਹ ਵੀ ਕਿਹਾ, ‘ਸਾਡੀ ਮੰਗ ਹੈ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰੇ ਅਤੇ ਕੀਮਤਾਂ ਵਧਾਉਣਾ ਬੰਦ ਕਰੇ।’
ਕਾਂਗਰਸ ਨੇਤਾ ਨੇ ਦੋਸ਼ ਲਗਾਇਆ, ‘ਰਸੋਈ ਗੈਸ ਸਿਲੰਡਰ ਦੀ ਕੀਮਤ ਦੁਗਣੀ ਹੋ ਗਈ ਹੈ। ਦਿੱਲੀ ’ਚ ਹੁਣ ਪੈਟਰੋਲ ਦੀ ਕੀਮਤ 102 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਸਰਕਾਰ ਸਿਰਫ ਇਕ ਚੀਜ਼ ਕਰ ਰਹੀ ਹੈ- ਗਰੀਬਾਂ ਦੀ ਜੇਬ ’ਚੋਂ ਪੈਸੇ ਕੱਢੋ ਅਤੇ ਦੋ-ਤਿੰਨ ਵੱਡੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਓ।’
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਜਨਰਲ ਸਕੱਤਰਾਂ ਅਤੇ ਸੂਬਾ ਇੰਚਾਰਜਾਂ ਦੀ ਬੀਤੇ ਸ਼ਨੀਵਾਰ ਨੂੰ ਹੋਈ ਬੈਠਕ ’ਚ ਫੈਸਲਾ ਲਿਆ ਗਿਆ ਸੀ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਕਈ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਸਰਕਾਰ ਨੂੰ ਘੇਰਣ ਲਈ ਪਾਰਟੀ 31 ਮਾਰਚ ਤੋਂ ਤਿੰਨ ਪੜਾਵਾਂ ’ਚ ‘ਮਹਿੰਗਾਈ ਮੁਕਤ ਭਾਰਤ’ਚ ਮੁਹਿੰਮ ਚਲਾਏਗੀ। ਇਹ ਮੁਹਿੰਮ 7 ਅਪ੍ਰੈਲ ਤਕ ਚੱਲੇਗੀ।