ਸਰਹੱਦੀ ਲੋਕ ਹਥਿਆਰਾਂ ਤੋਂ ਬਿਨਾਂ ਕਰ ਰਹੇ ਨੇ ਦੇਸ਼ ਦੀ ਰਾਖੀ : ਵਿਜੇ ਚੋਪੜਾ
Wednesday, Mar 28, 2018 - 08:50 AM (IST)

ਜੰਮੂ-ਕਸ਼ਮੀਰ(ਜੁਗਿੰਦਰ ਸੰਧੂ) — ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਬੈਠੇ ਜੰਮੂ-ਕਸ਼ਮੀਰ ਦੇ ਲੋਕ ਬਿਨਾਂ ਹਥਿਆਰਾਂ ਤੋਂ ਦੇਸ਼ ਦੀ ਰਾਖੀ ਕਰ ਰਹੇ ਹਨ। ਇਨ੍ਹਾਂ ਲੋਕਾਂ ਦੀ ਦੇਸ਼-ਸੇਵਾ ਦਾ ਕੋਈ ਜਵਾਬ ਨਹੀਂ ਹੈ, ਇਸ ਲਈ ਦੇਸ਼-ਵਾਸੀਆਂ ਨੂੰ ਇਨ੍ਹਾਂ ਦੀ ਵਧ-ਚੜ੍ਹ ਕੇ ਮਦਦ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਜੰਮੂ ਦੇ ਹੀਰਾ ਨਗਰ ਸੈਕਟਰ ਅਧੀਨ ਆਉਂਦੇ ਸਰਹੱਦੀ ਪਿੰਡ ਕੁੰਥਲ ਵਿਖੇ ਲੋੜਵੰਦ ਪਰਿਵਾਰਾਂ ਨੂੰ 470ਵੇਂ ਟਰੱਕ ਦੀ ਰਾਹਤ-ਸਮੱਗਰੀ ਵੰਡੇ ਜਾਣ ਦੇ ਮੌਕੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਾਰਨ ਭਾਰਤ ਦੇ ਸਰਹੱਦੀ ਪਿੰਡਾਂ 'ਤੇ ਗੋਲੀਬਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕਈ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜ਼ਖਮੀ ਹੋਏ। ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਉਨ੍ਹਾਂ ਦੇ ਪਸ਼ੂ ਮਾਰੇ ਗਏ, ਮਕਾਨ ਢਹਿ ਗਏ ਪਰ ਫਿਰ ਵੀ ਇਹ ਬਹਾਦਰ ਲੋਕ ਆਪਣੇ ਮੋਰਚੇ 'ਤੇ ਡਟੇ ਹੋਏ ਹਨ। ਸ਼੍ਰੀ ਚੋਪੜਾ ਜੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਨੂੰ ਸਲਾਮ। ਪਾਕਿਸਤਾਨ ਜਦੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਂਦਾ ਹੈ, ਨਸ਼ੇ, ਹਥਿਆਰ ਅਤੇ ਜਾਅਲੀ ਕਰੰਸੀ ਭੇਜਦਾ ਹੈ ਤਾਂ ਉਸ ਦੀ ਸੂਚਨਾ ਵੀ ਕਈ ਵਾਰ ਸਰਹੱਦੀ ਲੋਕ ਹੀ ਸੁਰੱਖਿਆ ਏਜੰਸੀਆਂ ਨੂੰ ਦਿੰਦੇ ਹਨ, ਜੋ ਕਿ ਦੇਸ਼ ਦੀ ਵੱਡੀ ਸੇਵਾ ਹੈ। ਚੋਪੜਾ ਜੀ ਨੇ ਹੋਰ ਮਹਾਨ ਸ਼ਖਸੀਅਤਾਂ ਅਤੇ ਪੰਜਾਬ ਕੇਸਰੀ ਦੀ ਰਾਹਤ ਵੰਡ ਟੀਮ ਦੇ ਮੈਂਬਰਾਂ ਸਮੇਤ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸਮੱਗਰੀ ਦੀ ਵੰਡ ਆਪਣੀ ਦੇਖ-ਰੇਖ ਹੇਠ ਕਰਵਾਈ।
ਸੰਤੋਸ਼ੀ ਮਾਤਾ ਮੰਦਰ ਧਾਮ ਕੁੰਥਲ ਦੇ ਗੱਦੀਨਸ਼ੀਨ ਸ਼੍ਰੀ ਸ਼੍ਰੀ 108 ਮਹੰਤ ਸੋਮਪੁਰੀ ਜੀ ਮਹਾਰਾਜ ਨੇ ਜਿਥੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੂੰ ਅਸ਼ੀਰਵਾਦ ਦਿੱਤਾ, ਉਥੇ ਲੋੜਵੰਦਾਂ ਨੂੰ ਸਮੱਗਰੀ ਭਿਜਾਉਣ ਲਈ ਧੰਨਵਾਦ ਵੀ ਕੀਤਾ। ਮਹੰਤ ਜੀ ਨੇ ਕਿਹਾ ਕਿ ਸਮੱਗਰੀ ਭੇਜਣਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਕਿਉਂਕਿ ਨਰ ਸੇਵਾ ਹੀ ਨਾਰਾਇਣ ਸੇਵਾ ਹੈ।
ਜਲੰਧਰ ਦੇ ਯੋਗਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਆਪਣੇ ਸੰਬੋਧਨ 'ਚ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੀਆਂ ਔਰਤਾਂ ਝਾਂਸੀ ਦੀ ਰਾਣੀ ਤੋਂ ਘੱਟ ਨਹੀਂ ਕਿਉਂਕਿ ਇਹ ਵੀ ਬਹਾਦਰੀ ਨਾਲ ਦੇਸ਼-ਦੁਸ਼ਮਣਾਂ ਦਾ ਸਾਹਮਣਾ ਕਰ ਰਹੀਆਂ ਹਨ। ਨਿੱਤ ਦਿਨ ਹੁੰਦੀ ਗੋਲੀਬਾਰੀ ਦੇ ਬਾਵਜੂਦ ਇਹ ਲੋਕ ਬੇਖੌਫ ਹੋ ਕੇ ਸਰਹੱਦਾਂ 'ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਇਨ੍ਹਾਂ ਲੋਕਾਂ ਦਾ ਕਰਜ਼ਦਾਰ ਹੈ, ਜਿਸ ਲਈ ਇਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।
ਰਾਹਤ ਵੰਡ ਕਾਫਿਲੇ ਦੇ ਮੋਹਰੀ ਸ. ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਅਤੇ ਪਾਕਿਸਤਾਨੀ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਵਿਜੇ ਕੁਮਾਰ ਚੋਪੜਾ ਜੀ ਦੀ ਅਗਵਾਈ ਹੇਠ ਅਕਤੂਬਰ 1999 ਤੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਸੂਬੇ ਦੇ ਵੱਖ-ਵੱਖ ਖੇਤਰਾਂ 'ਚ ਹੁਣ ਤਕ ਲਗਭਗ 10 ਕਰੋੜ ਰੁਪਏ ਦੀ ਸਹਾਇਤਾ ਸਮੱਗਰੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਰਾਹਤ-ਮੁਹਿੰਮ ਵਿਚ ਸਾਧੂ-ਸਮਾਜ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਨਾਰੀ (ਊਨਾ) ਤੋਂ ਸ਼੍ਰੀ ਸ਼੍ਰੀ 1008 ਮਹਾਰਾਜ ਸੁਗਰੀਵਾਨੰਦ ਜੀ ਅੱਜ ਦੇ ਟਰੱਕ ਸਮੇਤ ਰਾਹਤ ਸਮੱਗਰੀ ਦੇ 10 ਟਰੱਕ ਭਿਜਵਾ ਚੁੱਕੇ ਹਨ, ਜੋ ਕਿ ਬਹੁਤ ਵੱਡਾ ਸੇਵਾ-ਕਾਰਜ ਹੈ।
ਰਾਹਤ ਸਮੱਗਰੀ ਦੀ ਵੰਡ ਮੌਕੇ ਹੀਰਾ ਨਗਰ ਦੇ ਵਿਧਾਇਕ ਕੁਲਦੀਪ ਰਾਜ, ਸਾਬਕਾ ਐੱਮ. ਐੱਲ. ਸੀ. ਸੁਭਾਸ਼ ਗੁਪਤਾ, ਰਿਟਾਇਰਡ ਕੰਜ਼ਰਵੇਟਿਵ ਮੁਕਰਜੀਤ ਸ਼ਰਮਾ, ਸਾਬਕਾ ਵਿਧਾਇਕ ਗਿਰਧਾਰੀ ਲਾਲ, ਜਲੰਧਰ ਦੇ ਸ਼ਿਵ ਕੁਮਾਰ ਵਰਮਾ, ਪ੍ਰਵੀਨ ਕੋਹਲੀ, ਊਨਾ ਦੇ ਮੈਡਮ ਸਰੋਜ ਮੋਦਗਿਲ, ਪ੍ਰਵੀਨ ਮੋਦਗਿਲ, ਸ਼ਸ਼ੀ ਪੁਰੀ, ਰਮਨ ਸ਼ਰਮਾ, ਅਸ਼ੋਕ ਠਾਕਰ, ਦਿਗੰਬਰ ਜਸਪਾਲ ਟੋਨੀ ਅਤੇ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।