ਬਾਂਦੀਪੋਰਾ ’ਚ ਲਸ਼ਕਰ ਦੇ 2 ਸਹਿਯੋਗੀਆਂ ਦੀਆਂ ਜਾਇਦਾਦਾਂ ਕੁਰਕ
Tuesday, Mar 21, 2023 - 10:01 AM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਅਧਿਕਾਰੀਆਂ ਨੇ ਸੋਮਵਾਰ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੇ 2 ਸਾਥੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ। ਅਧਿਕਾਰਤ ਸੂਤਰਾਂ ਅਨੁਸਾਰ ਇਹ ਕਾਰਵਾਈ ਅੱਤਵਾਦੀਆਂ ਨੂੰ ਸ਼ਰਨ ਦੇਣ ਅਤੇ ਉਨ੍ਹਾਂ ਨੂੰ ਰਸਦ ਮਦਦ ਪ੍ਰਦਾਨ ਕਰਨ ਖ਼ਿਲਾਫ਼ ਮੁਹਿੰਮ ਦਾ ਹਿੱਸਾ ਹੈ।
ਪੁਲਸ ਨੇ ਕਿਹਾ ਕਿ ਗੁੰਡਪੋਰਾ ਰਾਮਪੁਰਾ 'ਚ ਦੋਸ਼ੀ ਏਜਾਜ਼ ਅਹਿਮਦ ਰੇਸ਼ੀ ਉਰਫ਼ ਡਾਕਟਰ ਦੇ ਪਿਤਾ ਅਬਦੁੱਲ ਮਜੀਦ ਰੇਸ਼ੀ ਅਤੇ ਚਿਤਬਾਂਡੇ ਵਾਸੀ ਦੋਸ਼ੀ ਮਕਸੂਦ ਅਹਿਮਦ ਮਲਿਕ ਦੇ ਪਿਤਾ ਮੁਹੰਮਦ ਜਮਾਲ ਮਲਿਕ ਦੇ 2 ਮੰਜ਼ਿਲਾਂ ਘਰ ਨੂੰ ਸੋਮਵਾਰ ਨੂੰ ਕਾਰਜਕਾਰੀ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਕੁਰਕ ਕੀਤਾ ਗਿਆ। ਪਿਛਲੇ ਸਾਲ ਮਈ 'ਚ ਜੰਮੂ ਕਸ਼ਮੀਰ ਪੁਲਸ ਨੇ ਬਾਂਦੀਪੋਰਾ ਜ਼ਿਲ੍ਹੇ 'ਚ ਹੀ ਏਜਾਜ਼ ਅਤੇ ਮਕਸੂਦ ਸਮੇਤ ਤਿੰਨ ਅੱਤਵਾਦੀਆਂ ਅਤੇ ਚਾਰ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਕੇ ਲਸ਼ਕਰ-ਏ-ਤੋਇਬਾ ਸੰਗਠਨ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ।