ਸੰਘਰਸ਼ ਦੇ ਬਾਵਜੂਦ ਨਹੀਂ ਹਾਰੀ ਹਿੰਮਤ, ਸਬਜ਼ੀ ਵਾਲੇ ਦੀ ਹੋਣਹਾਰ ਧੀ ਬਣੀ ਸਿਵਲ ਜੱਜ
Thursday, May 05, 2022 - 01:20 PM (IST)
ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਸਬਜ਼ੀ ਵੇਚ ਕੇ ਜੀਵਨ ਬਿਤਾਉਣ ਵਾਲੇ ਇਕ ਪਰਿਵਾਰ ਦੀ 29 ਸਾਲਾ ਧੀ ਸਿਵਲ ਜੱਜ ਵਰਗ-2 ਅਹੁਦੇ ਲਈ ਚੁਣੀ ਗਈ ਹੈ। ਇਸ ਔਰਤ ਦਾ ਕਹਿਣਾ ਹੈ ਕਿ ਜੱਜ ਭਰਤੀ ਪ੍ਰੀਖਿਆ 'ਚ ਤਿੰਨ ਵਾਰ ਅਸਫ਼ਲ ਹੋਣ ਤੋਂ ਬਾਅਦ ਵੀ ਉਸ ਦੀਆਂ ਨਜ਼ਰਾਂ ਟੀਚੇ 'ਤੇ ਟਿਕੀਆਂ ਰਹੀਆਂ। ਅੰਕਿਤਾ ਨਾਗਰ (29) ਨੇ ਵੀਰਵਾਰ ਨੂੰ ਦੱਸਿਆ,''ਮੈਂ ਆਪਣੀ ਚੌਥੀ ਕੋਸ਼ਿਸ਼ 'ਚ ਸਿਵਲ ਜੱਜ ਵਰਗ-2 ਭਰਤੀ ਪ੍ਰੀਖਿਆ 'ਚ ਸਫ਼ਲਤਾ ਹਾਸਲ ਕੀਤੀ ਹੈ। ਆਪਣੀ ਖੁਸ਼ੀ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।'' ਅੰਕਿਤਾ ਨੇ ਦੱਸਿਆ ਕਿ ਪਿਤਾ ਅਸ਼ੋਕ ਨਗਰ ਸ਼ਹਿਰ ਦੇ ਮੂਸਾਖੇੜੀ ਇਲਾਕੇ 'ਚ ਸਬਜ਼ੀ ਵਚਦੇ ਹਨ ਅਤੇ ਜੱਜ ਭਰਤੀ ਪ੍ਰੀਖਿਆ ਦੀ ਤਿਆਰੀ ਦੌਰਾਨ ਸਮਾਂ ਮਿਲਣ 'ਤੇ ਉਹ ਇਸ ਕੰਮ 'ਚ ਉਨ੍ਹਾਂ ਦਾ ਹੱਥ ਵੰਡਾਉਂਦੀ ਰਹੀ ਹੈ। ਐੱਲ.ਐੱਲ.ਐੱਮ. ਦੀ ਪੋਸਟ ਗਰੈਜੂਏਟ ਸਿੱਖਿਆ ਹਾਸਲ ਕਰਨ ਵਾਲੀ ਨਾਗਰ ਨੇ ਦੱਸਿਆ ਕਿ ਉਹ ਬਚਪਨ ਤੋਂ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਅਤੇ ਉਸ ਨੇ ਐੱਲ.ਐੱਲ.ਬੀ. ਦੇ ਅਧਿਐਨ ਦੌਰਾਨ ਤੈਅ ਕਰ ਲਿਆ ਸੀ ਕਿ ਉਸ ਨੂੰ ਜੱਜ ਬਣਨਾ ਹੈ।
ਇਹ ਵੀ ਪੜ੍ਹੋ : ਮੁੰਬਈ 'ਚ ਮਸਜਿਦਾਂ ਦਾ ਵੱਡਾ ਫ਼ੈਸਲਾ- ਲਾਊਡ ਸਪੀਕਰ 'ਤੇ ਨਹੀਂ ਹੋਵੇਗੀ ਸਵੇਰ ਦੀ ਅਜ਼ਾਨ
ਆਤਮਵਿਸ਼ਵਾਸ ਨਾਲ ਭਰਪੂਰ ਅੰਕਿਤਾ ਨੇ ਕਿਹਾ,''ਜੱਜ ਭਰਤੀ ਪ੍ਰੀਖਿਆ 'ਚ ਤਿੰਨ ਵਾਰ ਅਸਫ਼ਲ ਹੋਣ ਤੋਂ ਬਾਅਦ ਵੀ ਮੈਂ ਹਿੰਮਤ ਨਹੀਂ ਹਾਰੀ ਅਤੇ ਮੈਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਤਿਆਰੀ 'ਚ ਜੁਟੀ ਰਹੀ। ਇਸ ਸੰਘਰਸ਼ ਦੌਰਾਨ ਮੇਰੇ ਲਈ ਰਸਤੇ ਖੁੱਲ੍ਹਦੇ ਰਹੇ ਅਤੇ ਮੈਂ ਇਨ੍ਹਾਂ 'ਤੇ ਤੁਰਦੀ ਰਹੀ।'' ਨਾਗਰ ਨੇ ਕਿਹਾ ਕਿ ਸਿਵਲ ਜੱਜ ਦੇ ਰੂਪ 'ਚ ਕੰਮ ਸ਼ੁਰੂ ਕਰਨ ਤੋਂ ਬਾਅਦ ਉਸ ਦਾ ਧਿਆਨ ਇਸ ਗੱਲ 'ਤੇ ਕੇਂਦਰਿਤ ਰਹੇਗਾ ਕਿ ਉਸ ਦੀ ਅਦਾਲਤ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਇਨਸਾਫ਼ ਮਿਲੇ। ਜੱਜ ਭਰਤੀ ਪ੍ਰੀਖਿਆ 'ਚ ਆਪਣੀ ਸੰਤਾਨ ਦੀ ਸਫ਼ਲਤਾ ਤੋਂ ਖੁਸ਼ੀ ਸਬਜ਼ੀ ਵਪਾਰੀ ਅਸ਼ੋਕ ਨਾਗਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਇਕ ਮਿਸਾਲ ਹੈ, ਕਿਉਂਕਿ ਉਸ ਨੇ ਜੀਵਨ 'ਚ ਬਹੁਤ ਸੰਘਰਸ਼ਾਂ ਦੇ ਬਾਵਜੂਦ ਹਿੰਮਤ ਨਹੀਂ ਹਾਰੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ