ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਸ਼ਾਮਲੀ ਪੁੱਜੇ ਰਾਹੁਲ-ਪ੍ਰਿਯੰਕਾ

Wednesday, Feb 20, 2019 - 06:12 PM (IST)

ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਸ਼ਾਮਲੀ ਪੁੱਜੇ ਰਾਹੁਲ-ਪ੍ਰਿਯੰਕਾ

ਸ਼ਾਮਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਪੁੱਜੇ। ਉਨ੍ਹਾਂ ਨੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਅਮਿਤ ਕੋਰੀ ਅਤੇ ਪ੍ਰਦੀਪ ਕੁਮਾਰ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸ਼ਹੀਦ ਪਰਿਵਾਰਾਂ ਨੂੰ ਹੌਸਲਾ ਦਿੰਦੇ ਹੋਏ ਰਾਹੁਲ ਨੇ ਕਿਹਾ ਕਿ ਇਹ ਬਹੁਤ ਦੁੱਖ ਦਾ ਸਮਾਂ ਹੈ। ਸ਼ਹੀਦਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ।

PunjabKesari

ਪਰਿਵਾਰਾਂ ਨੂੰ ਦਿਲਾਸਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੇ ਬੇਟਿਆਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਪੂਰਾ ਦੇਸ਼ ਉਨ੍ਹਾਂ ਨਾਲ ਹੈ। ਉਨ੍ਹਾਂ ਨੇ ਜਵਾਨ ਅਮਿਤ ਦੀ ਤਸਵੀਰ 'ਤੇ ਫੁੱਲ ਭੇਟ ਕੀਤੇ। ਪ੍ਰਿਯੰਕਾ ਗਾਂਧੀ ਸ਼ਹੀਦ ਅਮਿਤ ਦੀ ਮਾਂ ਦਾ ਹੱਥ ਫੜ ਕੇ ਕਾਫੀ ਦੇਰ ਬੈਠੀ ਰਹੀ। ਪ੍ਰਿਯੰਕਾ ਨੇ ਕਿਹਾ ਕਿ ਜੋ ਬੇਟੇ ਸ਼ਹੀਦ ਹੋਏ ਹਨ, ਪੂਰਾ ਦੇਸ਼ ਉਨ੍ਹਾਂ ਦਾ ਕਰਜ਼ਦਾਰ ਹਨ। ਅਸੀਂ ਪੂਰੀ ਤਰ੍ਹਾਂ ਨਾਲ ਤੁਹਾਡਾ ਦੁੱਖ ਸਮਝ ਸਕਦੇ ਹਾਂ। ਇੱਥੇ ਦੱਸ ਦਈਏ ਕਿ ਪੁਲਵਾਮਾ ਵਿਚ ਸ਼ਹੀਦ ਹੋਏ 40 ਜਵਾਨਾਂ 'ਚੋਂ 12 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। 

PunjabKesari

ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਨਵੀਂ ਟੀਮ ਦੇ ਮੈਂਬਰ ਪ੍ਰਿਯੰਕਾ, ਜੋਤੀਰਾਦਿਤਿਯ ਸਿੰਧੀਆ ਅਤੇ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਸੜਕ ਮਾਰਗ ਜ਼ਰੀਏ ਸ਼ਾਮਲੀ ਪਹੁੰਚੇ। ਉਨ੍ਹਾਂ ਦੇ ਇਸ ਦੌਰੇ ਦੀ ਕਿਸੇ ਨੂੰ ਕੰਨੋ-ਕੰਨ ਖਬਰ ਨਹੀਂ ਸੀ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਉਨ੍ਹਾਂ ਨੇ ਇਕ ਢਾਬੇ 'ਤੇ ਰੁੱਕ ਕੇ ਚਾਹ ਪੀਤੀ। ਦਿੱਲੀ ਤੋਂ ਕਰੀਬ 120 ਕਿਲੋਮੀਟਰ ਦੂਰ ਸ਼ਾਮਲੀ ਵਿਚ ਕਾਂਗਰਸੀ ਨੇਤਾ ਪੁਲਵਾਮਾ ਵਿਚ ਸ਼ਹੀਦ ਸੀ. ਆਰ. ਪੀ. ਐੱਫ. ਜਵਾਨ ਅਮਿਤ ਕੋਰੀ ਅਤੇ ਪ੍ਰਦੀਪ ਕੁਮਾਰ ਦੇ ਪਰਿਵਾਰ ਵਾਲਿਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਦੱਸਣਯੋਗ ਹੈ ਕਿ ਦੋਵੇਂ ਜਵਾਨ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਆਤਮਘਾਤੀ ਹਮਲੇ ਵਿਚ ਸ਼ਹੀਦ ਹੋ ਗਏ ਸਨ।
 


author

Tanu

Content Editor

Related News