ਭਾਜਪਾ ਨੇ ਵਾਇਨਾਡ ’ਚ ਜ਼ਮੀਨ ਦੇ ਖਿਸਕਣ ਦਾ ਵੀ ਕੀਤਾ ਸਿਆਸੀਕਰਨ : ਪ੍ਰਿਯੰਕਾ ਗਾਂਧੀ
Monday, Nov 04, 2024 - 09:19 PM (IST)
ਵਾਇਨਾਡ, (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਤੇ ਵਾਇਨਾਡ ਲੋਕ ਸਭਾ ਸੀਟ ਤੋਂ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇੱਥੇ ਜ਼ਮੀਨ ਖਿਸਕਣ ਦੀ ਘਟਨਾ ਦਾ ਵੀ ਸਿਆਸੀਕਰਨ ਕੀਤਾ ਹੈ।
ਚੋਣ ਪ੍ਰਚਾਰ ਦੇ ਦੂਜੇ ਦਿਨ ਉਨ੍ਹਾਂ ਸੁਲਤਾਨ ਬਥੇਰੀ ਵਿਧਾਨ ਸਭਾ ਹਲਕੇ ਦੇ ਕੇਨੀਚਰਾ ’ਚ ਇਕ ਨੁੱਕੜ ਮੀਟਿੰਗ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਜਿਸ ਆਫ਼ਤ ਨੇ ਲੋਕਾਂ ਨੂੰ ਬਹੁਤ ਦੁੱਖ ਪਹੁੰਚਾਇਆ, ਉਸ ਦਾ ਵੀ ਭਾਜਪਾ ਨੇ ਸਿਆਸੀਕਰਨ ਕੀਤਾ ਹੈ। ਅਸੀਂ ਅਜਿਹੀ ਥਾਂ ’ਤੇ ਖੜ੍ਹੇ ਹਾਂ, ਜਿੱਥੇ ਸਾਨੂੰ ਆਪਣੇ ਦੇਸ਼, ਆਪਣੀਆਂ ਲੋੜਾਂ ਅਤੇ ਜਿਸ ਤਰ੍ਹਾਂ ਦੀ ਸਿਆਸਤ ਚਾਹੀਦੀ ਹੈ, ਉਸ ਬਾਰੇ ਸੋਚਣਾ ਚਾਹੀਦਾ ਹੈ।
ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਦੇਸ਼ ’ਚ ਨਫਰਤ ਫੈਲਾਉਣ ਵਾਲੀ ਭਾਜਪਾ ਦੀ ਸਿਅਾਸਤ ਦੀ ਪਛਾਣ ਗੁੱਸਾ, ਵੰਡ ਤੇ ਬਰਬਾਦੀ ਹੈ। ਲੋਕਾਂ ਨੂੰ ਦਰਪੇਸ਼ ਅਸਲ ਮੁੱਦਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ । ਉਨ੍ਹਾਂ ਦੀਆਂ ਸਮੱਸਿਆਵਾਂ ਅਣਸੁਲਝੀਆਂ ਹੀ ਰਹਿ ਗਈਆਂ ਹਨ।
ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਬੇਰੋਜ਼ਗਾਰੀ ਸਭ ਤੋਂ ਉੱਚੇ ਪੱਧਰ ’ਤੇ ਹੈ। ਕੀਮਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸਿਆਤ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ’ਤੇ ਕੇਂਦਰਿਤ ਨਹੀਂ ਹੈ। ਭਾਜਪਾ ਦੀ ਸਿਆਸਤ ਦਾ ਮਕਸਦ ਸਿਰਫ਼ ਆਪਣੀਆਂ ਸਮੱਸਿਆਵਾਂ ਤੋਂ ਧਿਆਨ ਹਟਾਉਣਾ ਹੈ ਕਿਉਂਕਿ ਇਸ ਦਾ ਇਕੋ-ਇਕ ਮੰਤਵ ਸੱਤਾ ’ਚ ਬਣੇ ਰਹਿਣਾ ਹੈ, ਭਾਵੇਂ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ।