ਪ੍ਰਿਯੰਕਾ ਚਤੁਰਵੇਦੀ ਇਕ ਅਹਿਮ ਮੋੜ ’ਤੇ

Thursday, Apr 16, 2026 - 11:49 PM (IST)

ਪ੍ਰਿਯੰਕਾ ਚਤੁਰਵੇਦੀ ਇਕ ਅਹਿਮ ਮੋੜ ’ਤੇ

ਨੈਸ਼ਨਲ ਡੈਸਕ- ਕੀ ਪ੍ਰਿਯੰਕਾ ਚਤੁਰਵੇਦੀ ਲੋਕ ਸਭਾ ਰਾਹੀਂ ਵਾਪਸੀ ਦੀ ਤਿਆਰੀ ਕਰ ਰਹੀ ਹੈ, ਜਾਂ ਫਿਰ ਰਾਜ ਸਭਾ ’ਚ ਇਕ ਹੋਰ ਪਾਰੀ ਖੇਡਣ ਦੀ ਜੁਗਤ ’ਚ ਹੈ? ਸ਼ਿਵ ਸੈਨਾ (ਯੂ. ਬੀ. ਟੀ.) ਤੋਂ ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ, ਸਿਆਸੀ ਗਲਿਆਰਿਆਂ ’ਚ ਚਰਚਾਵਾਂ ਹੋਰ ਵੀ ਤੇਜ਼ ਅਤੇ ਦਿਲਚਸਪ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਚਰਚਾਵਾਂ ਦਾ ਇਕ ਸਾਫ਼ ਭੂਗੋਲਿਕ ਕੇਂਦਰ ਹੈ- ਮਥੁਰਾ। ਇਹ ਸਿਰਫ਼ ਇਕ ਅਟਕਲ ਨਹੀਂ ਹੈ।

ਚਤੁਰਵੇਦੀ ਇੱਥੋਂ ਦੀ ਹੀ ਰਹਿਣ ਵਾਲੀ ਹੈ ਅਤੇ ਉਸ ਦੇ ਹਾਲੀਆ ਦੌਰੇ ਨੇ ਲੋਕਾਂ ਵਿਚਾਲੇ ਚਰਚਾ ਛੇੜ ਦਿੱਤੀ ਹੈ। ਇਹ ਸੀਟ ਅਜੇ ਹੇਮਾ ਮਾਲਿਨੀ ਦੇ ਕੋਲ ਹੈ ਪਰ 2029 ਤੱਕ ਉਸ ਦੀ ਉਮਰ ਦੀ ਵਜ੍ਹਾ ਕਰ ਕੇ ਭਾਜਪਾ ਦੇ ਸਮੀਕਰਨ ਬਦਲ ਸਕਦੇ ਹਨ, ਜਿਸ ਨਾਲ ਇਕ ਆਕਰਸ਼ਕ ਮੌਕਾ ਖੁੱਲ੍ਹ ਸਕਦਾ ਹੈ।

ਪਰ ਅਸਲ ਦਿਲਚਸਪ ਗੱਲ ਤਾਂ ਪਾਰਟੀ ਦੇ ‘ਟੈਗ’ ’ਚ ਲੁਕੀ ਹੈ। ਕੀ ਉਹ ਵਫ਼ਾਦਾਰ ਰਹੇਗੀ, ਪਾਲਾ ਬਦਲ ਲਵੇਗੀ, ਜਾਂ ਫਿਰ ਦੋਵਾਂ ਪਾਸੇ ਦਾਅ ਲਗਾਏਗੀ? ਸੰਕੇਤ ਮਿਲੇ-ਜੁਲੇ ਹਨ। ਇਕ ਸੰਭਾਵਨਾ ਇਹ ਹੈ ਕਿ ਉਹ ਸਮਾਜਵਾਦੀ ਪਾਰਟੀ ਦੇ ਸੰਭਾਵੀ ਸਮਰਥਨ ਨਾਲ ਰਾਜ ਸਭਾ ’ਚ ਫਿਰ ਤੋਂ ਦਾਖਲ ਹੋ ਸਕਦੀ ਹੈ; ਸਮਾਜਵਾਦੀ ਪਾਰਟੀ ਦੀਆਂ ਨਜ਼ਰਾਂ ਆਗਾਮੀ ਉੱਤਰ ਪ੍ਰਦੇਸ਼ ਰਾਜ ਸਭਾ ਚੋਣਾਂ ’ਚ ਫਾਇਦਾ ਉਠਾਉਣ ’ਤੇ ਟਿਕੀਆਂ ਹਨ। ਆਪਣੇ ਪੱਖ ’ਚ ਲੋੜੀਂਦੀ ਗਿਣਤੀ ਹੋਣ ਕਾਰਨ, ਸਪਾ ਕਈ ਸੀਟਾਂ ਜਿੱਤ ਸਕਦੀ ਹੈ ਪਰ ਭਾਜਪਾ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕੀਤੇ ਬਿਨਾਂ ਇਹ ਸੰਭਵ ਨਹੀਂ ਹੋਵੇਗਾ।

ਪਰ ਇਸ ’ਚ ਇਕ ਪੇਚ ਹੈ। ਖ਼ਬਰਾਂ ਮੁਤਾਬਕ, ਅਖ਼ਿਲੇਸ਼ ਯਾਦਵ ਉਨ੍ਹਾਂ ਨੂੰ ਰਾਜ ਸਭਾ ’ਚ ਭੇਜਣ ਦੀ ਬਜਾਏ ਮਥੁਰਾ ’ਚ ਉਨ੍ਹਾਂ ਦੀ ਚੋਣਾਂ ਦੀ ਤਾਕਤ ਅਜ਼ਮਾਉਣ ਦੇ ਜ਼ਿਆਦਾ ਇੱਛੁਕ ਹਨ। ਭਾਵੇਂ ਪਰਦੇ ਦੇ ਪਿੱਛੇ ਤੋਂ ਆ ਰਹੀਆਂ ਆਵਾਜ਼ਾਂ ਰਾਜ ਸਭਾ ਦੀ ਸੁਰੱਖਿਅਤ ਸੀਟ ਨੂੰ ਤਰਜੀਹ ਦੇ ਰਹੀਆਂ ਹੋਣ ਪਰ ਸਪਾ ਮੁਖੀ ਲੋਕ ਸਭਾ ਦਾ ਜ਼ਿਆਦਾ ਜੋਖਮ ਭਰਿਆ ਪਰ ਜ਼ਿਆਦਾ ਫਾਇਦੇ ਵਾਲਾ ਦਾਅ ਖੇਡਣਾ ਪਸੰਦ ਕਰਦੇ ਵਿਖਾਈ ਦੇ ਰਹੇ ਹਨ।

ਇਸ ਦਰਮਿਆਨ, ਆਪਣੀ ਮੌਜੂਦਾ ਪਾਰਟੀ ਨਾਲ ਉਨ੍ਹਾਂ ਦੇ ਰਿਸ਼ਤੇ ਕੁਝ ਖਾਸ ਚੰਗੇ ਨਹੀਂ ਚੱਲ ਰਹੇ। ਭਗਵਾ ਖੇਮੇ ’ਚ ਜਾਣ ਦੀ ਸੰਭਾਵਨਾ ਲੱਭਣ ਤੋਂ ਲੈ ਕੇ ਯੂ. ਪੀ. ਦਾ ਰਸਤਾ ਲੱਭਣ ਤੱਕ, ਹਰ ਬਦਲ ਖੁੱਲ੍ਹਾ ਹੈ। ਇਕ ਗੱਲ ਸਾਫ਼ ਹੈ-ਉਨ੍ਹਾਂ ਦਾ ਅਗਲਾ ਕਦਮ ਵਫ਼ਾਦਾਰੀ ਨਾਲੋਂ ਜ਼ਿਆਦਾ ਆਪਣੇ ਸਿਆਸੀ ਵਜੂਦ ਅਤੇ ਇੱਛਾਵਾਂ ਨੂੰ ਬਚਾਉਣ ’ਤੇ ਕੇਂਦ੍ਰਿਤ ਹੋ ਸਕਦਾ ਹੈ।


author

Rakesh

Content Editor

Related News