ਤੇਲੰਗਾਨਾ ’ਚ ਚੱਲਦੀ ਬੱਸ ਨੂੰ ਲੱਗੀ ਅੱਗ, 29 ਮੁਸਾਫਰ ਵਾਲ-ਵਾਲ ਬਚੇ
Tuesday, Nov 11, 2025 - 10:13 PM (IST)
ਹੈਦਰਾਬਾਦ, (ਭਾਸ਼ਾ)- ਤੇਲੰਗਾਨਾ ਦੇ ਨਲਗੋਂਡਾ ਜ਼ਿਲੇ ’ਚ ਹੈਦਰਾਬਾਦ-ਵਿਜੇਵਾੜਾ ਰਾਸ਼ਟਰੀ ਰਾਜਮਾਰਗ ’ਤੇ ਸੋਮਵਾਰ ਦੇਰ ਰਾਤ ਇਕ ਪ੍ਰਾਈਵੇਟ ਬੱਸ ਨੂੰ ਅੱਗ ਲੱਗ ਗਈ। ਅੱਗ ਚਿਤਿਆਲ ਖੇਤਰ ’ਚ ਸਵੇਰੇ 1:45 ਵਜੇ ਦੇ ਕਰੀਬ ਲੱਗੀ। ਖੁਸ਼ਕਿਸਮਤੀ ਨਾਲ ਇਸ ਘਟਨਾ ’ਚ ਬੱਸ ’ਚ ਸਵਾਰ 29 ਮੁਸਾਫਰਾਂ ’ਚੋਂ ਕੋਈ ਜ਼ਖਮੀ ਨਹੀਂ ਹੋਇਆ। ਬੱਸ ਹੈਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਕੰਦੂਕੁਰ ਜਾ ਰਹੀ ਸੀ।
ਇੰਜਣ ’ਚੋਂ ਧੂੰਆਂ ਨਿਕਲਦਾ ਵੇਖ ਕੇ ਡਰਾਈਵਰ ਨੇ ਤੁਰੰਤ ਬੱਸ ਰੋਕ ਦਿੱਤੀ ਤੇ ਮੁਸਾਫਰਾਂ ਨੂੰ ਉਤਰਨ ਲਈ ਕਿਹਾ। ਨਲਗੋਂਡਾ ਦੇ ਜ਼ਿਲਾ ਪੁਲਸ ਸੁਪਰਡੈਂਟ ਸ਼ਰਤ ਚੰਦਰ ਪਵਾਰ ਨੇ ਕਿਹਾ ਕਿ ਮੁਸਾਫਰਾਂ ਦੇ ਉਤਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਬੱਸ ਅੱਗ ਦੀ ਲਪੇਟ ’ਚ ਆ ਗਈ। ਪੁਲਸ ਦੀ ਇਕ ਟੀਮ ਮੌਕੇ ’ਤੇ ਪਹੁੰਚੀ। 2 ਫਾਇਰ ਟੈਂਡਰਾਂ ਨੇ ਅੱਗ ਬੁਝਾ ਦਿੱਤੀ।
