UK 'ਚ ਭਾਰਤੀ ਮੂਲ ਦੀ ਪਹਿਲੀ ਗ੍ਰਹਿ ਮੰਤਰੀ ਬਣੀ ਪ੍ਰੀਤੀ ਪਟੇਲ

07/25/2019 8:00:18 AM

ਲੰਡਨ— ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਬ੍ਰੈਗਜ਼ਿਟ ਨੀਤੀ ਦੇ ਮੁੱਖ ਆਲੋਚਕਾਂ 'ਚ ਸ਼ਾਮਲ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੈਬਨਿਟ 'ਚ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਉਹ ਬ੍ਰਿਟੇਨ 'ਚ ਭਾਰਤੀ ਮੂਲ ਦੀ ਪਹਿਲੀ ਗ੍ਰਹਿ ਮੰਤਰੀ ਬਣਨ 'ਚ ਕਾਮਯਾਬ ਹੋਈ ਹੈ। ਪ੍ਰੀਤੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਲਈ 'ਬੈਕ ਬੋਰਿਸ' ਮੁਹਿੰਮ ਦੀ ਮੁੱਖ ਮੈਂਬਰ ਸੀ ਅਤੇ ਪਹਿਲਾਂ ਹੀ ਸੰਭਾਵਨਾਵਾਂ ਸਨ ਕਿ ਉਨ੍ਹਾਂ ਨੂੰ ਨਵੀਂ ਕੈਬਨਿਟ 'ਚ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।

ਨਵੇਂ ਅਹੁਦੇ ਦੀ ਘੋਸ਼ਣਾ ਤੋਂ ਕੁੱਝ ਘੰਟੇ ਪਹਿਲਾਂ ਪ੍ਰੀਤੀ ਨੇ ਕਿਹਾ ਸੀ,''ਇਹ ਮਹੱਤਵਪੂਰਣ ਹੈ ਕਿ ਕੈਬਨਿਟ ਨਵੇਂ ਬ੍ਰਿਟੇਨ ਅਤੇ ਆਧੁਨਿਕ ਕੰਜ਼ਰਵੇਟਿਵ ਪਾਰਟੀ ਨੂੰ ਪ੍ਰਦਰਸ਼ਿਤ ਕਰੇ।'' ਗੁਜਰਾਤੀ ਮੂਲ ਦੀ ਨੇਤਾ ਪ੍ਰੀਤੀ ਬ੍ਰਿਟੇਨ 'ਚ ਭਾਰਤੀ ਮੂਲ ਦੇ ਲੋਕਾਂ ਦੇ ਸਾਰੇ ਖਾਸ ਪ੍ਰੋਗਰਾਮਾਂ 'ਚ ਮੁੱਖ ਮਹਿਮਾਨ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਬ੍ਰਿਟੇਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਖਾਸ ਪ੍ਰਸ਼ੰਸਕ ਦੇ ਰੂਪ 'ਚ ਦੇਖਿਆ ਜਾਂਦਾ ਹੈ। ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਪੱਖ 'ਚ ਜੂਨ 2016 ਦੀ ਰਾਇਸ਼ੁਮਾਰੀ ਦੀ ਅਗਵਾਈ 'ਚ ਪ੍ਰੀਤੀ ਪਟੇਲ ਨੇ 'ਵੋਟ ਲੀਵ ਮੁਹਿੰਮ' ਚਲਾਈ ਸੀ।

PunjabKesari

ਪਹਿਲੀ ਵਾਰ 2010 'ਚ ਬਣੀ ਸੀ ਐੱਮ. ਪੀ.—
47 ਸਾਲ ਦੀ ਪ੍ਰੀਤੀ ਸਭ ਤੋਂ ਪਹਿਲਾਂ ਸਾਲ 2010 'ਚ ਵਿਟਹੈਮ ਤੋਂ ਐੱਮ. ਪੀ. ਚੁਣੀ ਗਈ ਸੀ। 2015 ਅਤੇ 2017 'ਚ ਵੀ ਉਨ੍ਹਾਂ ਨੇ ਇਸ ਸੀਟ ਤੋਂ ਜਿੱਤ ਦਰਜ ਕੀਤੀ। ਉਹ ਡੇਵਿਡ ਕੈਮਰੂਨ ਸਰਕਾਰ 'ਚ ਰੋਜ਼ਗਾਰ ਮੰਤਰੀ ਵੀ ਰਹਿ ਚੁੱਕੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਗੁਜਰਾਤ ਤੋਂ ਹਨ, ਜੋ ਯੁਗਾਂਡਾ 'ਚ ਰਹਿੰਦੇ ਸਨ ਤੇ 60 ਦੇ ਦਹਾਕੇ 'ਚ ਇੰਗਲੈਂਡ ਆ ਗਏ ਸਨ।
 

ਥੈਰੇਸਾ ਮੇਅ ਸਰਕਾਰ 'ਚੋਂ ਦੇਣਾ ਪਿਆ ਸੀ ਅਸਤੀਫਾ—
ਦੋ ਸਾਲ ਪਹਿਲਾਂ ਇਕ ਵਿਵਾਦ ਦੇ ਬਾਅਦ ਪ੍ਰੀਤੀ ਪਟੇਲ ਨੂੰ ਥੈਰੇਸਾ ਮੇਅ ਸਰਕਾਰ 'ਚੋਂ ਅਸਤੀਫਾ ਦੇਣਾ ਪਿਆ ਸੀ। ਅਸਲ 'ਚ ਨਵੰਬਰ 2017 'ਚ ਪ੍ਰੀਤੀ ਨੇ ਇਜ਼ਰਾਇਲ ਦੇ ਅਧਿਕਾਰੀਆਂ ਨਾਲ ਗੁਪਤ ਬੈਠਕਾਂ ਨੂੰ ਲੈ ਕੇ ਰਾਜਨੀਤਕ ਪ੍ਰੋਟੋਕਾਲ ਦਾ ਉਲੰਘਣ ਕੀਤਾ ਸੀ, ਜਿਸ ਦੇ ਬਾਅਦ ਕੌਮਾਂਤਰੀ ਵਿਕਾਸ ਮੰਤਰੀ ਦੇ ਰੂਪ 'ਚ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ।


Related News