ਰਾਜਸਥਾਨ: ਜੇਲ੍ਹ ਦੀ ਕਾਲ ਕੋਠੜੀ ਤੋਂ ਮੰਡਪ ਤੱਕ ਦਾ ਸਫ਼ਰ, ਲਾੜਾ-ਲਾੜੀ ਬਣਨਗੇ ਕੈਦੀ
Friday, Jan 23, 2026 - 02:11 PM (IST)
ਜੈਪੁਰ- ਰਾਜਸਥਾਨ ਦੀ ਸਾਂਗਾਨੇਰ ਖੁੱਲ੍ਹੀ ਜੇਲ੍ਹ (Sanganer Open Jail) ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਤਲ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 2 ਕੈਦੀ ਇਕ-ਦੂਜੇ ਦੇ ਪਿਆਰ 'ਚ ਪੈ ਗਏ ਹਨ ਅਤੇ ਹੁਣ ਵਿਆਹ ਕਰਵਾਉਣ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਇਹ ਦੋਵੇਂ ਕੈਦੀ 2 ਵੱਖ-ਵੱਖ ਸਨਸਨੀਖੇਜ਼ ਕਤਲ ਕੇਸਾਂ 'ਚ ਸਜ਼ਾ ਭੁਗਤ ਰਹੇ ਹਨ।
ਕੌਣ ਹਨ ਲਾੜਾ-ਲਾੜੀ?
ਇਸ ਅਨੋਖੇ ਵਿਆਹ 'ਚ 34 ਸਾਲਾ ਪ੍ਰਿਆ ਸੇਠ ਲਾੜੀ ਬਣੇਗੀ, ਜੋ ਸਾਲ 2018 'ਚ ਇਕ ਨੌਜਵਾਨ (ਦੁਸ਼ਯੰਤ ਸ਼ਰਮਾ) ਨੂੰ ਡੇਟਿੰਗ ਐਪ ਰਾਹੀਂ ਫਸਾ ਕੇ ਉਸ ਦਾ ਕਤਲ ਕਰਨ ਅਤੇ ਲਾਸ਼ ਨੂੰ ਸੂਟਕੇਸ 'ਚ ਸੁੱਟਣ ਦੇ ਦੋਸ਼ ਹੇਠ ਸਜ਼ਾ ਕੱਟ ਰਹੀ ਹੈ। ਦੂਜੇ ਪਾਸੇ 29 ਸਾਲਾ ਹਨੂਮਾਨ ਪ੍ਰਸਾਦ ਲਾੜਾ ਬਣੇਗਾ, ਜਿਸ ਨੂੰ 2017 'ਚ ਅਲਵਰ 'ਚ ਇਕ ਵਿਅਕਤੀ, ਉਸ ਦੇ ਤਿੰਨ ਪੁੱਤਰਾਂ ਅਤੇ ਇਕ ਭਤੀਜੇ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ।
15 ਦਿਨਾਂ ਦੀ ਮਿਲੀ ਪੈਰੋਲ
ਰਾਜਸਥਾਨ ਹਾਈ ਕੋਰਟ ਦੇ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ ਪੈਰੋਲ ਕਮੇਟੀ ਨੇ ਦੋਵਾਂ ਕੈਦੀਆਂ ਨੂੰ ਵਿਆਹ ਲਈ 15 ਦਿਨਾਂ ਦੀ ਪੈਰੋਲ ਮਨਜ਼ੂਰ ਕੀਤੀ ਹੈ। ਇਹ ਵਿਆਹ ਹਨੂਮਾਨ ਪ੍ਰਸਾਦ ਦੇ ਜੱਦੀ ਪਿੰਡ, ਅਲਵਰ ਜ਼ਿਲ੍ਹੇ ਦੇ ਬੜੌਦਾਮੇਵ 'ਚ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਤੋਂ ਖੁੱਲ੍ਹੀ ਜੇਲ੍ਹ 'ਚ ਰਹਿਣ ਦੌਰਾਨ ਇਹ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ ਸਨ।
ਕੀ ਹੈ ਖੁੱਲ੍ਹੀ ਜੇਲ੍ਹ ਦਾ ਨਿਯਮ?
ਸਾਂਗਾਨੇਰ ਦੀ ਇਹ ਜੇਲ੍ਹ 'ਰਾਜਸਥਾਨ ਪ੍ਰਿਜ਼ਨਰਜ਼ ਓਪਨ ਏਅਰ ਕੈਂਪ ਨਿਯਮ, 1972' ਦੇ ਤਹਿਤ ਚਲਾਈ ਜਾਂਦੀ ਹੈ। ਇਸ ਨਿਯਮ ਅਨੁਸਾਰ ਚੁਣੇ ਹੋਏ ਕੈਦੀਆਂ ਨੂੰ ਦਿਨ ਵੇਲੇ ਬਾਹਰ ਜਾ ਕੇ ਕੰਮ ਕਰਨ ਅਤੇ ਸ਼ਾਮ ਨੂੰ ਵਾਪਸ ਕੈਂਪ 'ਚ ਪਰਤਣ ਦੀ ਆਜ਼ਾਦੀ ਹੁੰਦੀ ਹੈ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੀ ਪ੍ਰਕਿਰਿਆ ਮੌਜੂਦਾ ਨਿਯਮਾਂ ਅਨੁਸਾਰ ਹੀ ਕੀਤੀ ਗਈ ਹੈ।
ਫੈਸਲੇ ਦਾ ਹੋ ਰਿਹਾ ਹੈ ਵਿਰੋਧ
ਦੂਜੇ ਪਾਸੇ, ਪੀੜਤ ਪਰਿਵਾਰਾਂ ਵੱਲੋਂ ਇਸ ਪੈਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੁਸ਼ਯੰਤ ਸ਼ਰਮਾ ਕਤਲ ਕੇਸ 'ਚ ਪੀੜਤ ਪਰਿਵਾਰ ਦੇ ਵਕੀਲ ਸੰਦੀਪ ਲੋਹਾਰੀਆ ਨੇ ਕਿਹਾ ਕਿ ਉਹ ਇਸ ਪੈਰੋਲ ਦੇ ਹੁਕਮ ਨੂੰ ਅਦਾਲਤ 'ਚ ਚੁਣੌਤੀ ਦੇਣਗੇ, ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
