ਡੋਮਿਨਿਕਨ ਰਿਪਬਲਿਕ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨੂੰ ਲਿਖੀ ਚਿੱਠੀ, ''ਮੰਗੀ ਕੋਰੋਨਾ ਵੈਕਸੀਨ''
Friday, Jan 22, 2021 - 10:08 PM (IST)
ਨੈਸ਼ਨਲ ਡੈਸਕ : ਭਾਰਤ ਵਿੱਚ 16 ਜਨਵਰੀ ਤੋਂ ਸ਼ੁਰੂ ਹੋਏ ਕੋਰੋਨਾ ਟੀਕਾਕਰਣ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੋਰੋਨਾ ਦੀ ਦਵਾਈ ਦੀ ਮੰਗ ਕੀਤੀ ਹੈ। ਭਾਰਤ ਪਹਿਲਾਂ ਆਪਣੇ ਗੁਆਂਢੀ ਮਿੱਤਰ ਦੇਸ਼ਾਂ ਨੂੰ ਵੈਕਸੀਨ ਭੇਜ ਰਿਹਾ ਹੈ। ਪਕਿਸਤਾਨ ਨੂੰ ਛੱਡ ਕੇ ਭਾਰਤ ਹੁਣ ਤੱਕ ਨੇਪਾਲ, ਭੂਟਾਨ ਅਤੇ ਮਾਲਦੀਵ ਨੂੰ ਕੋਰੋਨਾ ਵੈਕਸੀਨ ਦੇ ਚੁੱਕਾ ਹੈ। ਉਥੇ ਹੀ ਡੋਮਿਨਿਕਨ ਰਿਪਬਲਿਕ ਨੇ ਵੀ ਭਾਰਤ ਦੀ ਕੋਰੋਨਾ ਵੈਕਸੀਨ ਦੀ ਮੰਗ ਕੀਤੀ ਹੈ। ਡੋਮਿਨਿਕਨ ਦੇ ਪੀ.ਐੱਮ. ਰੂਜ਼ਵੈਲਟ ਸਕੈਰਿਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ 70 ਹਜ਼ਾਰ ਕੋਰੋਨਾ ਵੈਕਸੀਨ ਡੋਜ਼ ਦੀ ਮਦਦ ਮੰਗੀ ਹੈ। ਦੱਸ ਦਈਏ ਕਿ ਭਾਰਤ ਵਿੱਚ 16 ਜਨਵਰੀ ਤੋਂ ਫਰੰਟ ਲਾਈਨ 'ਤੇ ਡਟੇ ਸਿਹਤ ਕਰਮਚਾਰੀਆਂ ਨੂੰ ਪਹਿਲਾਂ ਡੋਜ਼ ਦਿੱਤੀ ਜਾ ਰਹੀ ਹੈ।
ਦੇਸ਼ ਵਿੱਚ ਦੋ ਵੈਕਸੀਨ- ਆਕਸਫੋਰਡ-ਐਸਟਰਾਜੈਨੇਕਾ ਦੀ ਕੋਵਿਸ਼ੀਲਡ ਅਤੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਹੀ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ। ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਡੋਮਿਨਿਕਨ ਰਿਪਬਲਿਕ ਦੇ ਪੀ.ਐੱਮ. ਸਕੈਰਿਟ ਨੇ ਲਿਖਿਆ ਕਿ ਜਿਵੇਂ ਕਿ ਅਸੀਂ 2021 ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਅਤੇ ਕੋਵਿਡ-19 ਖ਼ਿਲਾਫ਼ ਲੜਾਈ ਜਾਰੀ ਹੈ। ਡੋਮਿਨਿਕਾ ਦੀ 72 ਹਜ਼ਾਰ ਦੀ ਆਬਾਦੀ ਨੂੰ ਆਕਸਫੋਰਡ-ਐਸਟਰਾਜੈਨੇਕਾ ਦੀ ਵੈਕਸੀਨ ਦੀ ਸਖ਼ਤ ਜ਼ਰੂਰਤ ਹੈ ਇਸ ਲਈ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ ਕਿ ਸਾਡੀ ਜਨਤਾ ਨੂੰ ਸੁਰੱਖਿਅਤ ਰੱਖਣ ਲਈ ਤੁਸੀਂ ਸਾਨੂੰ ਜ਼ਰੂਰਤ ਮੁਤਾਬਕ, ਕੋਰੋਨਾ ਵੈਕਸੀਨ ਦੀ ਡੋਜ਼ ਦਾਨ ਕਰ ਸਹਿਯੋਗ ਕਰੋ।
ਪੀ.ਐੱਮ. ਰੂਜ਼ਵੈਲਟ ਸਕੈਰਿਟ ਨੇ ਲਿਖਿਆ ਅਸੀਂ ਇੱਕ ਛੋਟੇ ਟਾਪੂ ਅਤੇ ਵਿਕਾਸਸ਼ੀਲ ਰਾਸ਼ਟਰ ਹਾਂ ਅਤੇ ਵੈਕਸੀਨ ਦੀਆਂ ਵੱਡੀਆਂ ਮੰਗਾਂ ਵਾਲੇ ਵੱਡੇ ਦੇਸ਼ਾਂ ਨਾਲ ਮੁਕਾਬਲਾ ਕਰਨ ਵਿੱਚ ਸਮਰੱਥਾਵਾਨ ਨਹੀਂ ਹਾਂ। ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਭਾਰਤ ਵਿਸ਼ਵ ਭਾਈਚਾਰੇ ਦੀ ਸਿਹਤ ਦੇ ਖੇਤਰ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਦੱਸ ਦਈਏ ਕਿ ਡੋਮਿਨਿਕਨ ਲੋਕ-ਰਾਜ ਦੇ ਨਾਲ ਭਾਰਤ ਦੇ ਕਾਫ਼ੀ ਕਰੀਬੀ ਸੰਬੰਧ ਹਨ। ਜਦੋਂ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਆਪਣੇ ਸਾਥੀ ਚੀਨ ਨਾਲ ਭਾਰਤ ਨੂੰ ਨਿਸ਼ਾਨਾ ਬਣਾ ਰਿਹਾ ਸੀ, ਤਾਂ ਇਸ ਕੈਰੇਬੀਅਨ ਆਈਲੈਂਡ ਨੇ ਭਾਰਤ ਦਾ ਸਮਰਥਨ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।