ਨਾਗਰਿਕਾਂ ਨੂੰ ਤੁਰੰਤ ਫਾਇਦਾ ਪਹੁੰਚਾਉਣ ਵਾਲੀਆਂ ਯੋਜਨਾਵਾਂ 'ਤੇ ਅੱਗੇ ਵਧੇਗੀ ਮੋਦੀ ਸਰਕਾਰ

06/18/2019 6:00:43 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦੇਸ਼ਾਂ 'ਤੇ ਕੰਮ ਕਰਦੇ ਹੋਏ ਕੇਂਦਰੀ ਮੰਤਰਾਲੇ ਪਹਿਲੇ ਤਿੰਨ ਮਹੀਨਿਆਂ 'ਚ ਨਾਗਰਿਕਾਂ ਨੂੰ ਫਾਇਦਾ ਪਹੁੰਚਾਉਣ ਲਈ ਯੋਜਨਾਵਾਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਕੋਸ਼ਿਸ਼ ਨੂੰ '21-ਡੇਅ ਇੰਪੈਕਟਫੁੱਲ ਏਜੰਡਾ' ਨਾਂ ਦਿੱਤਾ ਗਿਆ ਹੈ। ਏਜੰਡੇ 'ਚ ਹਰ ਮੰਤਰਾਲੇ ਦੀ ਅਜਿਹੇ ਵਾਅਦਿਆਂ ਨੂੰ ਪੂਰਾ ਕਰਨ ਦੀ ਯੋਜਨਾ ਸ਼ਾਮਲ ਹੋਵੇਗੀ, ਜਿਨ੍ਹਾਂ ਦਾ ਆਮ ਆਦਮੀ 'ਤੇ ਸਿੱਧਾ ਅਤੇ ਤੁਰੰਤ ਅਸਰ ਪਵੇਗਾ। ਇਸ 'ਚ ਮੰਤਰੀ ਦੀ ਮਨਜ਼ੂਰੀ, ਮੰਤਰੀ ਮੰਡਲ ਦੀ ਮਨਜ਼ੂਰੀ ਅਤੇ ਵਿੱਤੀ ਜ਼ਰੂਰਤਾਂ ਸਮੇਤ ਇਸ ਏਜੰਡੇ ਨੂੰ ਪੂਰਾ ਕਰਨ ਦੀ ਇਕ ਸਮੇਂ-ਹੱਦ ਹੋਵੇਗੀ। 

ਸੂਤਰਾਂ ਨੇ ਦੱਸਿਆ ਕਿ ਮੰਤਰਾਲਿਆਂ ਨੂੰ ਏਜੰਡਾ ਤਿਆਰ ਕਰਨ ਅਤੇ ਇਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਕੋਲ ਭੇਜਣ ਦੇ ਨਾਲ ਹੀ 100 ਦਿਨਾਂ ਦੇ ਅੰਦਰ ਇਸ ਦੇ ਪ੍ਰਭਾਵ ਨੂੰ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਮੋਦੀ ਦੀ ਕੇਂਦਰੀ ਮੰਤਰਾਲਿਆਂ ਦੇ ਸਾਰੇ ਸਕੱਤਰਾਂ ਨਾਲ ਹੋਈ ਮੀਟਿੰਗ 'ਚ ਇਹ ਆਦੇਸ਼ ਦਿੱਤਾ ਗਿਆ ਸੀ। ਮੀਟਿੰਗ 'ਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਰਮਲਾ ਸੀਤਾਰਮਨ ਅਤੇ ਜਿਤੇਂਦਰ ਸਿੰਘ ਵੀ ਮੌਜੂਦ ਸਨ। ਮੀਟਿੰਗ ਦੇ ਮਿੰਟਸ ਨੂੰ ਸਾਰੇ ਮੰਤਰਾਲਿਆਂ ਕੋਲ ਭੇਜਿਆ ਗਿਆ ਹੈ। 21-ਡੇਅ ਇੰਸਪੈਕਟਫੁੱਟ ਏਜੰਡੇ ਦਾ ਇਕ ਵੱਡਾ ਹਿੱਸਾ ਪਾਲਿਸੀ ਅਤੇ ਪ੍ਰਕਿਰਿਆ ਨਾਲ ਜੁੜੇ ਉਹ ਸੁਧਾਰ ਹੋਣਗੇ, ਜਿਨ੍ਹਾਂ ਦੀ ਮੰਤਰਾਲੇ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਅਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਜ਼ਰੂਰਤ ਹੋਵੇਗੀ।

ਸੂਤਰ ਨੇ ਦੱਸਿਆ,''ਹਰ ਮੰਤਰਾਲੇ ਨੇ ਤਿੰਨ ਯੋਜਨਾਵਾਂ ਤਿਆਰ ਕਰਨੀਆਂ ਹਨ। ਇਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਪੰਜ ਸਾਲ ਦਾ ਵਿਜ਼ਨ ਡਾਕਿਊਮੈਂਟ ਜਮ੍ਹਾ ਕਰਨਾ ਹੋਵੇਗਾ। ਇਸ 'ਚ ਦੱਸਣਾ ਹੋਵੇਗਾ ਕਿ ਸੈਕ੍ਰੇਟਰੀ ਅਗਲੇ 5 ਸਾਲਾਂ 'ਚ ਆਪਣੇ ਮੰਤਰਾਲੇ ਨੂੰ ਕਿੱਥੇ ਲਿਜਾਉਣਾ ਚਾਹੁਣਗੇ। ਇਸ ਡਾਕਿਊਮੈਂਟ ਨੂੰ ਸਲਾਨਾ ਕਾਰਜ ਯੋਜਨਾਵਾਂ 'ਚ ਵਿਸ਼ੇਸ਼ ਟੀਚਿਆਂ ਨਾਲ ਵੰਡਿਆ ਜਾਵੇਗਾ। ਹਰ ਸਲਾਨਾ ਕਾਰਜ ਯੋਜਨਾ ਨੂੰ ਇਕ ਮਹੀਨਾਵਾਰ ਯੋਜਨਾ 'ਚ ਵੰਡਿਆ ਜਾਵੇਗਾ, ਜਿਸ ਦੀ ਨਿਗਰਾਨੀ ਹੋਵੇਗੀ ਪਰ ਸਭ ਤੋਂ ਪਹਿਲਾਂ 21-ਡੇਅ ਇੰਪੈਕਟਫੁੱਲ ਏਜੰਡੇ 'ਤੇ ਕੰਮ ਹੋਵੇਗਾ।'' ਇਕ ਅਧਿਕਾਰੀ ਨੇ ਦੱਸਿਆ,''ਇਸ ਏਜੰਡੇ ਦਾ ਆਧਾਰ ਇਹ ਹੈ ਕਿ ਮੋਦੀ ਸਰਕਾਰ ਨੂੰ ਇਸ ਵਿਸ਼ਵਾਸ ਨਾਲ ਮੁੜ ਬਹੁਮਤ ਮਿਲਿਆ ਹੈ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰੇਗੀ।''


DIsha

Content Editor

Related News